
ਮੋਗਾ, 2 ਦਸੰਬਰ, ਹ.ਬ. : ਮੋਗਾ ਵਿਚ ਤੈਨਾਤ ਪੁਲਿਸ ਮੁਲਾਜ਼ਮ ਤੇ ਗਾਇਕ ਕੁਲਜੀਤ ਸਿੰਘ ਨੂੰ ਅਪਣੇ ਗੀਤ ਵਿਚ ਹਥਿਆਰਾਂ ਨੂੰ ਬੜਾਵਾ ਦੇਣਾ ਮਹਿੰਗਾ ਪੈ ਗਿਆ। ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਬਾਘਾਪੁਰਾਣਾ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਕੁਲਜੀਤ ਸਿੰਘ ਮੋਗਾ ਪੁਲਿਸ ਵਿਚ ਪੈਟਰੋÇਲੰਗ ਪਾਰਟੀ ਵਿਚ ਤੈਨਾਤ ਹੈ। ਉਹ ਇੱਕ ਉਭਰਦਾ ਗਾਇਕ ਵੀ ਹੈ। ਉਸ ਨੇ 30 ਨਵੰਬਰ ਨੂੰ ਅਪਣਾ ਇੱਕ ਨਵਾਂ ਗਾਣਾ ਮਹਾਕਾਲ ਦਾ ਵੀਡੀਓ ਯੂਟਿਊਬ ’ਤੇ ਅਪਲੋਡ ਕੀਤਾ। ਇਸ ਵਿਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਸੀ। ਜਿਵੇਂ ਹੀ ਇਹ ਮਾਮਲਾ ਪੁਲਿਸ ਦੇ ਨੋਟਿਸ ਵਿਚ ਆਇਆ ਤਾਂ ਤੁਰੰਤ ਉਸ ’ਤੇ ਕੇਸ ਦਰਜ ਕਰ ਲਿਆ ਗਿਆ। ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਗਾਣੇ ਨੂੰ ਵੀਡੀਓ ਸ਼ੇਅਰਿੰਗ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।
ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਇਹ ਗਾਣਾ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੇ ਉਲਟ ਅਤੇ ਬੰਦੂਕ ਸੱਭਿਆਚਾਰ ਨੂੰ ਬੜਾਵਾ ਦਿੰਦਾ ਹੈ। ਕੁਲਜੀਤ ਪੰਜਾਬ ਪੁਲਿਸ ਵਿਚ ਕਾਂਸਟੇਬਲ ਹੈ, ਇਸ ਲਈ ਉਸ ਨੂੰ ਵਿਭਾਗੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਕੇਂਦਰ ਸਰਕਾਰ ਨੇ ਐਫਐਮ ਰੇਡੀਓ ਚੈਨਲ ਨੂੰ ਸ਼ਰਾਬ, ਨਸ਼ੇ, ਹਥਿਆਰ, ਗੈਂਗਸਟਰ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗੀਤਾਂ ਨੂੰ ਪ੍ਰਸਾਰਿਤ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਹੁਣ ਚਾਰ ਬੋਤਲ ਵੋਦਕਾ, ਮੈਂ ਨਸ਼ੇ ਵਿਚ ਟੱਲੀ ਹੋ ਗਿਆ ਜਿਹੇ ਗੀਤ ਐਫਐਮ ਰੇਡੀਓ ’ਤੇ ਚਲਾਉਣ ’ਤੇ ਸਖ਼ਤ ਕਾਰਵਾਈ ਹੋ ਸਕਦੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਸਬੰਧ ਵਿਚ ਜਾਰੀ ਦਿਸਾ ਨਿਰਦਸ਼ਾਂ ਵਿਚ ਕਿਹਾ ਕਿ ਐਫਐਮ ਚੈਨਲ ਆਗਿਆ ਸਮਝੌਤੇ ਤਹਿਤ ਨਿਰਧਾਰਮ ਨਿਯਮਾਂ ਅਤੇ ਸ਼ਰਤਾਂ ਦੀ ਸਖ਼ਤ ਨਾਲ ਪਾਲਣ ਕਰੇ।