ਜਲੰਧਰ, 28 ਅਪ੍ਰੈਲ, ਹ.ਬ. : ਜਲੰਧਰ ਸ਼ਹਿਰ ਦੇ ਨਕੋਦਰ ਰੋਡ ’ਤੇ ਸਥਿਤ ਜਲੰਧਰ ਹਾਈਟਸ-2 ਹਾਊਸਿੰਗ ਸੁਸਾਇਟੀ ਦੇ ਫਲੈਟ ’ਚ ਇਕ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜ਼ੋਰਾਵਰ ਸਿੰਘ ਪੁੱਤਰ ਬਲਵਿੰਦਰ ਸਿੰਘ (34) ਨੇ ਜਲੰਧਰ ਹਾਈਟਸ-2 ਦੀ 11ਵੀਂ ਮੰਜ਼ਿਲ ’ਤੇ ਸਥਿਤ ਆਪਣੇ ਫਲੈਟ ਦੀ ਬਾਲਕੌਨੀ ਤੋਂ ਛਾਲ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖੁਦਕੁਸ਼ੀ ਕਰਨ ਵਾਲਾ ਨੌਜਵਾਨ ਅਮਰੀਕਾ ਦਾ ਨਾਗਰਿਕ ਸੀ। ਜ਼ੋਰਾਵਰ ਸਿੰਘ ਨੇ ਜਲੰਧਰ ਹਾਈਟਸ-2 ’ਚ ਫਲੈਟ ਲਿਆ ਸੀ ਅਤੇ 4 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜ਼ੋਰਾਵਰ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਹ ਆਪਣੀ ਪਤਨੀ ਨੂੰ ਲੈਣ ਆਇਆ ਸੀ। ਫਿਲਹਾਲ ਖੁਦਕੁਸ਼ੀ ਦਾ ਕਾਰਨ ਘਰੇਲੂ ਕਲੇਸ਼ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ’ਚ ਜੁੱਟ ਗਈ। ਉਕਤ ਫਲੈਟਾਂ ’ਚ ਰਹਿਣ ਵਾਲੇ ਲੋਕਾਂ ਨੇ ਜ਼ੋਰਾਵਰ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਪੁਲਸ ਨੂੰ ਦਿੱਤੀ।