ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ‘ਚ ਆਈ ਕਮੀ, ਪ੍ਰਤੀ ਸਿਲੰਡਰ 10 ਰੁਪਏ ਦੀ ਕਟੌਤੀ

ਨਵੀਂ ਦਿੱਲੀ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਟਰੌਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਤੋਂ ਬਾਅਦ ਆਮ ਲੋਕਾਂ ਲਈ ਥੋੜੀ ਜਿਹੀ ਰਾਹਤ ਵਾਲੀ ਖ਼ਬਰ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕਮੀ ਕੀਤੀ ਗਈ ਹੈ। ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਤੋਂ ਆਮ ਆਦਮੀ ਨੂੰ ਰਾਹਤ ਮਿਲਣ ਵਾਲੀ ਹੈ। ਇੰਡੀਅਨ ਆਇਲ ਲਿਮਟਿਡ ਨੇ ਬੁੱਧਵਾਰ ਨੂੰ ਕਿਹਾ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 10 ਰੁਪਏ ਪ੍ਰਤੀ ਸਿਲੰਡਰ ਦੀ ਕਮੀ ਕੀਤੀ ਗਈ ਹੈ। ਨਵੀਆਂ ਕੀਮਤਾਂ 1 ਅਪ੍ਰੈਲ 2021 ਤੋਂ ਲਾਗੂ ਹੋਣਗੀਆਂ।
ਹੁਣ ਤਕ ਗ਼ੈਰ-ਸਬਸਿਡੀ ਵਾਲਾ ਗੈਸ ਸਿਲੰਡਰ ਨਵੀਂ ਦਿੱਲੀ ‘ਚ 819 ਰੁਪਏ, ਕੋਲਕਾਤਾ ‘ਚ 845.50 ਰੁਪਏ, ਮੁੰਬਈ ‘ਚ 819 ਰੁਪਏ ਅਤੇ ਚੇਨਈ ‘ਚ 835 ਰੁਪਏ ‘ਚ ਉਪਲੱਬਧ ਹੈ। ਦੱਸ ਦੇਈਏ ਕਿ 1 ਅਪ੍ਰੈਲ ਤੋਂ ਦਿੱਲੀ ‘ਚ ਇਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਦਿੱਲੀ ‘ਚ 809 ਰੁਪਏ, ਕੋਲਕਾਤਾ ‘ਚ 835.50 ਰੁਪਏ, ਮੁੰਬਈ ‘ਚ 809 ਰੁਪਏ ਅਤੇ ਚੇਨਈ ‘ਚ 825 ਰੁਪਏ ਹੋਵੇਗੀ।
ਜ਼ਿਕਰਯੋਗ ਹੈ ਕਿ ਫ਼ਰਵਰੀ 2021 ‘ਚ ਐਲਪੀਜੀ ਸਿਲੰਡਰ ਦੀ ਕੀਮਤ ‘ਚ ਤਿੰਨ ਵਾਰ ਵਾਧਾ ਕੀਤਾ ਗਿਆ ਸੀ। 4 ਫ਼ਰਵਰੀ ਨੂੰ ਰਸੋਈ ਗੈਸ ਦੀ ਕੀਮਤ ‘ਚ 25 ਰੁਪਏ ਪ੍ਰਤੀ ਸਿਲੰਡਰ, 14 ਫ਼ਰਵਰੀ ਨੂੰ 50 ਰੁਪਏ ਅਤੇ 25 ਫ਼ਰਵਰੀ ਨੂੰ ਹੋਰ 25 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਪਿਛਲੇ ਦਸੰਬਰ ਤੋਂ ਲੈ ਕੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੁਲ ਮਿਲਾ ਕੇ ਇਕ ਸਿਲੰਡਰ ਦੀ ਕੀਮਤ ‘ਚ ਹੁਣ ਤਕ 150 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਜਨਵਰੀ ‘ਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਤੇਜ਼ੀ ਜਾਂ ਕਮੀ ਨਹੀਂ ਆਈ ਸੀ। ਉੱਥੇ ਹੀ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਦਸੰਬਰ 2020 ‘ਚ ਦੋ ਵਾਰ ਵਾਧਾ ਕੀਤਾ ਗਿਆ ਸੀ। 1 ਦਸੰਬਰ ਨੂੰ ਘਰੇਲੂ ਰਸੋਈ ਗੈਸ ਦੀ ਕੀਮਤ 594 ਰੁਪਏ ਤੋਂ ਵਧਾ ਕੇ 644 ਰੁਪਏ ਕੀਤੀ ਗਈ ਸੀ। ਇਸ ਦੇ ਨਾਲ ਹੀ 15 ਦਸੰਬਰ ਨੂੰ ਸਿਲੰਡਰ ਦੀ ਕੀਮਤ ਵਧਾ ਕੇ 694 ਰੁਪਏ ਕਰ ਦਿੱਤੀ ਗਈ ਸੀ।

Video Ad
Video Ad