Home ਭਾਰਤ ਘਰ ‘ਚੋਂ ਨਿਕਲ ਰਹੇ ਸਨ ਕੀੜੇ, ਫਰਸ਼ ਤੋੜ ਕੇ ਕੀਤੀ ਖੁਦਾਈ ਤਾਂ 3 ਪਿੰਜਰ ਮਿਲੇ

ਘਰ ‘ਚੋਂ ਨਿਕਲ ਰਹੇ ਸਨ ਕੀੜੇ, ਫਰਸ਼ ਤੋੜ ਕੇ ਕੀਤੀ ਖੁਦਾਈ ਤਾਂ 3 ਪਿੰਜਰ ਮਿਲੇ

0
ਘਰ ‘ਚੋਂ ਨਿਕਲ ਰਹੇ ਸਨ ਕੀੜੇ, ਫਰਸ਼ ਤੋੜ ਕੇ ਕੀਤੀ ਖੁਦਾਈ ਤਾਂ 3 ਪਿੰਜਰ ਮਿਲੇ

ਪਾਣੀਪਤ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਪਾਣੀਪਤ ‘ਚ ਇਕ ਘਰ ਅੰਦਰੋਂ 3 ਲੋਕਾਂ ਦੇ ਪਿੰਜਰ ਮਿਲੇ ਹਨ। ਘਰ ਅੰਦਰ ਇਕ ਕਮਰੇ ‘ਚੋਂ ਲਗਾਤਾਰ ਕੀੜੇ ਨਿਕਲ ਰਹੇ ਸਨ, ਜਿਸ ਮਗਰੋਂ ਫ਼ਰਸ ਤੋੜ ਕੇ ਖੁਦਾਈ ਕੀਤੀ ਤਾਂ 3 ਫੁੱਟ ਥੱਲੀਓਂ ਪਿੰਜਰ ਮਿਲੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ।
ਜਾਣਕਾਰੀ ਮੁਤਾਬਕ ਪਾਣੀਪਤ ਵਿਖੇ ਬਬੈਲ ਸੜਕ ‘ਤੇ ਪੈਂਦੇ ਸ਼ਿਵਨਗਰ ਦੇ ਇਕ ਘਰ ‘ਚੋਂ ਤਿੰਨ ਮਨੁੱਖੀ ਪਿੰਜਰ ਮਿਲੇ ਹਨ। ਪਿੰਜਰ ਉੱਪਰ ਪਏ ਕੱਪੜਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪਿੰਜਰ ਇਕ ਔਰਤ ਅਤੇ ਦੋ ਬੱਚਿਆਂ (10 ਤੋਂ 14 ਸਾਲ) ਦੇ ਹਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਦਬਾਇਆ ਗਿਆ ਹੋਵੇਗਾ। ਲਗਭਗ ਢਾਈ ਸਾਲ ਤੋਂ ਇਸ ਘਰ ‘ਚ ਕਿਰਾਏ ‘ਤੇ ਰਹਿ ਰਹੀ ਸਰੋਜ ਅਤੇ ਉਸ ਦੇ ਪਤੀ ਆਦੇਸ਼ ਨੇ ਦੱਸਿਆ ਕਿ ਫ਼ਰਸ ਅੰਦਰੋਂ ਬਣੇ ਛੋਟੇ-ਛੋਟੇ ਛੇਕਾਂ ‘ਚੋਂ ਲਗਾਤਾਰ ਕੀੜੇ ਨਿਕਲਦੇ ਰਹਿੰਦੇ ਸਨ। ਇਸ ਨੂੰ ਠੀਕ ਕਰਨ ਲਈ ਮਕਾਨ ਮਾਲਕ ਨੇ ਬੀਤੇਐਤਵਾਰ ਨੂੰ ਮੁਰੰਮਤ ਸ਼ੁਰੂ ਕਰਵਾਈ ਸੀ। ਇਸ ਦੌਰਾਨ ਫ਼ਰਸ਼ ਤੋੜਨ ‘ਤੇ ਅੰਦਰੋਂ ਪਿੰਜਰ ਮਿਲੇ।
ਸੂਚਨਾ ਮਿਲਣ ‘ਤੇ ਐਸ.ਪੀ. ਸ਼ਸ਼ਾਂਕ ਕੁਮਾਰ ਸਾਵਨ ਟੀਮ ਨਾਲ ਮੌਕੇ ‘ਤੇ ਪਹੁੰਚੇ। ਫ਼ੋਰੈਂਸਿਕ ਟੀਮ ਵੀ ਬੁਲਾਈ ਗਈ। ਪਿੰਜਰ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ ‘ਚ ਪਏ ਹਨ। ਡੀਐਨਏ ਟੈਸਟਿੰਗ ਪੋਸਟਮਾਰਟਮ ਤੋਂ ਬਾਅਦ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਤਿੰਨਾਂ ਦਾ ਖੂਨ ਦਾ ਰਿਸ਼ਤਾ ਸੀ ਜਾਂ ਨਹੀਂ। ਮਕਾਨ ਮਾਲਕ ਪਵਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਕਿਰਾਏਦਾਰ ਸਰੋਜ ਅਤੇ ਉਸ ਦੇ ਪਤੀ ਆਦੇਸ਼ ਨੇ ਦੱਸਿਆ ਕਿ ਉਹ ਪਿਛਲੇ ਢਾਈ ਸਾਲ ਤੋਂ ਇਸ ਮਕਾਨ ‘ਚ ਕਿਰਾਏ ‘ਤੇ ਰਹਿ ਰਹੇ ਹਨ। ਉਨ੍ਹਾਂ ਦੇ ਘਰ ਦੇ ਪਿੱਛੇ ਇਕ ਖੇਤ ਹੈ। ਗੈਲਰੀ ਦੇ ਫਰਸ਼ ਅਤੇ ਉਨ੍ਹਾਂ ਦੇ ਕਮਰਿਆਂ ਦੇ ਫ਼ਰਸ਼ ਦਾ ਪੱਧਰ ਬਰਾਬਰ ਨਹੀਂ ਸੀ, ਜਿਸ ਕਾਰਨ ਪਾਣੀ ਕਮਰਿਆਂ ਅੰਦਰ ਆ ਜਾਂਦਾ ਸੀ। ਗੈਲਰੀ ਦੇ ਫ਼ਰਸ਼ ‘ਚੋਂ ਲਗਾਤਾਰ ਕੀੜੇ ਨਿਕਲਦੇ ਰਹਿੰਦੇ ਸਨ। ਨਾਲ ਹੀ ਜਦੋਂ ਵੀ ਕੋਈ ਚੀਜ਼ ਡਿੱਗਦੀ ਸੀ ਤਾਂ ਅੰਦਰੋਂ ਖਾਲੀ ਹੋਣ ਦਾ ਅਹਿਸਾਸ ਹੁੰਦਾ ਸੀ। ਉਹ ਲੰਬੇ ਸਮੇਂ ਤੋਂ ਮਕਾਨ ਮਾਲਕ ਪਵਨ ਨੂੰ ਇਸ ਬਾਰੇ ਸ਼ਿਕਾਇਤ ਕਰ ਰਹੇ ਸਨ। ਐਤਵਾਰ ਨੂੰ ਮਕਾਨ ਮਾਲਕ ਨੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ।
ਮੰਗਲਵਾਰ ਦੁਪਹਿਰ ਲਗਭਗ 1 ਵਜੇ ਫ਼ਰਸ਼ ਨੂੰ ਤੋੜਨ ਲਈ ਹਥੌੜਾ ਮਾਰਦੇ ਹੀ ਉਹ ਅੰਦਰ ਚਲਿਆ ਗਿਆ। ਅੰਦਰ ਜ਼ਮੀਨ ਖੋਖਲੀ ਸੀ। 3 ਫੁੱਟ ਡੂੰਘੀ, 5 ਫੁੱਟ ਚੌੜੀ ਖੁਦਾਈ ਕਰਨ ‘ਤੇ ਪਿੰਜਰ ਨਜ਼ਰ ਆਇਆ। ਪਿੰਜਰ ਨੇੜੇ ਹੀ ਹਰੇ ਰੰਗ ਦਾ ਕੁਰਤਾ ਅਤੇ ਗੁਲਾਬੀ ਰੰਗ ਦੀ ਸਲਵਾਰ ਪਈ ਸੀ। ਇਸ ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਹੋਰ ਖੁਦਾਈ ਕੀਤੀ ਤਾਂ ਦੋ ਹੋਰ ਪਿੰਜਰ ਬਰਾਮਦ ਹੋਏ। ਇਕ ਪਿੰਜਰ ‘ਤੇ ਚਿੱਟੀ ਬਨੈਣ ਤੇ ਲੋਅਰ ਸੀ, ਜਦਕਿ ਦੂਜੇ ਪਿੰਜਰ ‘ਤੇ ਨੀਲੇ ਰੰਗ ਦੀ ਪੈਂਟ ਤੇ ਜੈਕਟ ਸੀ।
ਜ਼ਿਕਰਯੋਗ ਹੈ ਕਿ 60 ਵਰਗ ਗਜ਼ ਦਾ ਇਹ ਮਕਾਨ ਪਵਨ ਦਾ ਹੈ, ਜੋ ਇਕ ਖੰਡ ਮਿੱਲ ‘ਚ ਕੰਮ ਕਰਦਾ ਹੈ। ਪਵਨ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਉਸ ਨੇ ਇਹ ਘਰ ਅਹਿਸਾਨ ਸੈਫ਼ੀ ਤੋਂ ਖਰੀਦਿਆ ਸੀ। ਅਹਿਸਾਨ ਸੈਫ਼ੀ ਕੁਟਾਨੀ ਰੋਡ ਸਥਿੱਤ ਜਗਦੀਸ਼ ਕਾਲੋਨੀ ‘ਚ ਰਹਿੰਦਾ ਸੀ। ਲਗਭਗ 5 ਸਾਲ ਪਹਿਲਾਂ ਇਹ ਮਕਾਨ ਬਬੈਲ ਦੇ ਭੁਪੇਂਦਰ ਅਹਿਲਾਵਤ ਨੇ ਬਣਾਇਆ ਸੀ। ਭੁਪਿੰਦਰ ਨੇ ਦੱਸਿਆ ਕਿ ਪਹਿਲਾਂ ਸੈਣੀ ਕਾਲੋਨੀ ਦਾ ਇਕ ਪ੍ਰਜਾਪਤ ਇੱਥੇ ਕਿਰਾਏ ‘ਤੇ ਰਹਿੰਦਾ ਸੀ। ਉਸ ਤੋਂ ਬਾਅਦ ਸੈਫੀ ਇਕ ਸਾਲ ਕਿਰਾਏ ‘ਤੇ ਰਿਹਾ। ਫਿਰ ਘਰ ਵੇਚ ਦਿੱਤਾ।