ਚੀਨ ਨੇ ਬ੍ਰਿਟੇਨ ਦੇ ਪੰਜ ਸਾਂਸਦਾਂ ਤੇ ਚਾਰ ਸੰਗਠਨਾਂ ’ਤੇ ਪਾਬੰਦੀ ਲਗਾਈ

ਲੰਡਨ, 27 ਮਾਰਚ, ਹ.ਬ. : ਬਰਤਾਨੀਆ ਅਤੇ ਚੀਨ ਦੇ ਵਿਚ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਬਰਤਾਨੀਆ ਨੇ ਕੁਝ ਦਿਨ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਚੀਨ ਦੇ ਅਧਿਕਾਰੀਆਂ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਹੁਣ ਚੀਨ ਨੇ ਵੀ ਬਰਤਾਨੀਆ ਦੇ ਪੰਜ ਸਾਂਸਦਾਂ ਅਤੇ 4 ਸੰਗਠਨਾਂ ’ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਪਾਬੰਦੀ ਵਾਲੀ ਸੂਚੀ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਵਿਚ ਵਿਵਾਦ ਹੋਰ ਵਧਣ ਦੇ ਅਸਾਰ ਹਨ। ਜਿਹੜੇ ਨੇਤਾਵਾਂ ’ਤੇ ਚੀਨ ਨੇ ਪਾਬੰਦੀ ਲਗਾਈ ਹੈ। ਉਨ੍ਹਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਲੈਨ ਡਨਕੈਨ ਸਮਿਥ, ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਮੁਖੀ ਟੌਮ ਟੁਗਨਡੈਟ, ਪਾਕਿਸਤਾਨੀ ਮੂਲ ਦੀ ਨੁਸਰਨ ਗਨੀ, ਟਿਮ ਲਾਫਟਨ ਸਣੇ ਸੰਸਦ ਮੈਂਬਰਾਂ ਅਤੇ ਹਾਊਸ ਆਫ਼ ਲਾਰਡਸ ਦੇ ਮੈਂਬਰਾਂ ਬਾਰੋਨੇਸ ਤੇ ਲਾਰਡ ਆਲਟਨ ਦੇ ਨਾਂ ਸ਼ਾਮਲ ਹਨ। ਇਹ ਸਾਰੇ ਸਾਂਸਦ ਅਤੇ ਨੇਤਾ ਚੀਨ ’ਤੇ ਅੰਤਰ ਪਾਰਲੀਮਾਨੀ ਗਠਜੋੜ ਦੇ ਮੈਂਬਰ ਹਨ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਚੀਨ ਨੇ ਅੱਜ ਜਿਹੜੇ ਸਾਂਸਦਾਂ ਅਤੇ ਬਰਤਾਨਵੀ ਨਾਗਰਿਕਾਂ ’ਤੇ ਪਾਬੰਦੀ ਲਗਾਈ ਹੈ ਉਹ ਉਈਗਰ ਮੁਸਲਮਾਨਾਂ ਦੇ ਖ਼ਿਲਾਫ਼ ਮਨੁੱਖੀ ਅਧਿਕਾਰ ਉਲੰਘਣਾ ’ਤੇ ਰੋਸ਼ਨੀ ਪਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਚੀਨ ਦੀ ਬੈਨ ਵਾਲੀ ਸੂਚੀ ਵਿਚ ਚਾਰ ਸੰਗਠਨਾਂ ਦੇ ਨਾਂ ਹਨ। ਇਨ੍ਹਾਂ ਵਿਚ ਚਾਇਨਾ ਰਿਸਰਚ ਗਰੁੱਪ ਆਫ਼ ਐਮਪੀਜ਼ ਅਤੇ ਏਸੇਕਸ ਕੋਰਟ ਚੈਂਬਰਸ ਸ਼ਾਮਲ ਹੈ। ਇਨ੍ਹਾਂ ਨੇ ਸ਼ਿਨਜਿਆਂਗ ਵਿਚ ਚੀਨ ਦੀ ਕਾਰਵਾਈ ਨੂੰ ਕਤਲੇਆਮ ਕਰਾਰ ਦਿੰਦੇ ਹੋਏ ਕਾਨੂੰਨੀ ਰਾਏ ਪ੍ਰਕਾਸ਼ਤ ਕੀਤੀ ਸੀ। ਹੋਰ ਦੋਵੇ ਸਮੂਹ ਕੰਜ਼ਰੇਟਿਵ ਪਾਰਟੀ ਹਿਊਮਨ ਰਾਈਟਸ ਕਮਿਸ਼ਨ ਅਤੇ ਉਈਗਰ ਟ੍ਰਿਬਿਊਨਲ ਹੈ। ਦੱਸਦੇ ਚਲੀਏ ਕਿ ਬ੍ਰਿਟੇਨ ਨੇ ਵੀ ਚੀਨ ਦੇ ਅਧਿਕਾਰੀਆਂ ’ਤੇ ਪਾਬੰਦੀ ਲਗਾਈ ਹੋਈ ਹੈ।

Video Ad
Video Ad