ਕੋਲਕਾਤਾ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਧਰਮ ਦੇ ਅਧਾਰ ‘ਤੇ ਵੋਟ ਪਾਉਣ ਦੀ ਅਪੀਲ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਮੁਸੀਬਤ ‘ਚ ਫਸੀ ਹੋਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ 48 ਘੰਟੇ ‘ਚ ਜਵਾਬ ਦੇਣ ਲਈ ਕਿਹਾ ਹੈ। ਇਸ ਦੌਰਾਨ ਨਾਰਾਜ਼ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਹਿੰਦੂ-ਮੁਸਲਿਮ ਕਰਨ ਦੀ ਸ਼ਿਕਾਇਤ ਕਿਉਂ ਦਰਜ ਨਹੀਂ ਕੀਤੀ ਗਈ?

ਮਮਤਾ ਬੈਨਰਜੀ ਨੇ ਕਿਹਾ, “ਭਾਵੇਂ ਮੇਰੇ ਵਿਰੁੱਧ 10 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਮੈਂ ਇਕਜੁੱਟ ਹੋ ਕੇ ਸਾਰੇ ਵੋਟਰਾਂ ਨੂੰ ਵੋਟਿੰਗ ਕਰਨ ਦੀ ਗੱਲ ਕਹਿ ਰਹੀ ਹਾਂ, ਤਾਂ ਕਿ ਵੋਟਾਂ ਨਾ ਵੰਡ ਹੋਣ। ਪ੍ਰਧਾਨ ਮੰਤਰੀ ਮੋਦੀ ਵਿਰੁੱਧ ਕਿੰਨੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ? ਉਹ ਹਰ ਰੋਜ਼ ਹਿੰਦੂ-ਮੁਸਲਿਮ ਕਰਦੇ ਹਨ।”
ਡੋਮਜੁਰ ਦੀ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਰਾਜੀਬ ਬੈਨਰਜੀ ਨੂੰ ਵੀ ਨਿਸ਼ਾਨਾ ‘ਤੇ ਲਿਆ।। ਉਨ੍ਹਾਂ ਕਿਹਾ, “ਮੈਂ ਤੁਹਾਡੇ ਤੋਂ ਮਾਫ਼ੀ ਮੰਗਣਾ ਚਾਹੁੰਦੀ ਹਾਂ ਕਿ ਮੈਂ ਪਿਛਲੀਆਂ ਚੋਣਾਂ ‘ਚ ਗੱਦਾਰ ਮੀਰ ਜਾਫ਼ਰ (ਰਾਜੀਬ ਬੈਨਰਜੀ) ਨੂੰ ਇਥੋਂ ਚੋਣ ਮੈਦਾਨ ‘ਚ ਉਤਾਰਿਆ ਸੀ। ਜਦੋਂ ਉਹ ਸਿੰਜਾਈ ਮੰਤਰੀ ਸੀ, ਮੈਨੂੰ ਉਸ ਵਿਰੁੱਧ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਮੈਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਨੂੰ ਜੰਗਲਾਤ ਮੰਤਰੀ ਨਿਯੁਕਤ ਕੀਤਾ ਸੀ।”
ਤ੍ਰਿਣਮੂਲ ਕਾਂਗਰਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੋਟਿਸ ਜਾਰੀ ਕਰਨ ਲਈ ਚੋਣ ਕਮਿਸ਼ਨ ਦੀ ਨਿਖੇਧੀ ਕੀਤੀ ਅਤੇ ਸਵਾਲ ਕੀਤਾ ਕਿ ਭਾਜਪਾ ਵਿਰੁੱਧ ਦਰਜ ਸ਼ਿਕਾਇਤਾਂ ‘ਤੇ ਹੁਣ ਤਕ ਕੀ ਕਦਮ ਚੁੱਕੇ ਗਏ ਹਨ। ਤ੍ਰਿਣਮੂਲ ਕਾਂਗਰਸ ਦੀ ਬੁਲਾਰਨ ਮਹੂਆ ਮੋਇਤਰਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਵਿਤਕਰਾ ਕਰਨਾ ਬੰਦ ਕਰਨਾ ਚਾਹੀਦਾ ਹੈ।
ਮਹੂਆ ਮੋਇਤਰਾ ਨੇ ਟਵੀਟ ਕੀਤਾ, “ਭਾਜਪਾ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਨੇ ਮਮਤਾ ਦੀਦੀ ਨੂੰ ਨੋਟਿਸ ਜਾਰੀ ਕੀਤਾ। ਤ੍ਰਿਣਮੂਲ ਕਾਂਗਰਸ ਦੀਆਂ ਸ਼ਿਕਾਇਤਾਂ ‘ਤੇ ਕੀ ਹੋਇਆ। ਭਾਜਪਾ ਉਮੀਦਵਾਰ ਵੱਲੋਂ ਨਕਦੀ ਵੰਡਣ ਦੀ ਵੀਡੀਓ ਸਬੂਤ ਵੀ ਹੈ। ਭਾਜਪਾ ਦੀਆਂ ਮੀਟਿੰਗਾਂ ‘ਚ ਸ਼ਾਮਲ ਹੋਣ ਲਈ ਨਕਦ ਕੂਪਨ ਵੀ ਵੰਡੇ ਗਏ।”
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਹੁਗਲੀ ‘ਚ ਚੋਣ ਪ੍ਰਚਾਰ ਦੌਰਾਨ ਫਿਰਕੂ ਆਧਾਰਾਂ ‘ਤੇ ਵੋਟਰਾਂ ਨੂੰ ਕਥਿਤ ਤੌਰ ‘ਤੇ ਅਪੀਲ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਹੈ।
