Home ਨਜ਼ਰੀਆ ਚੋਣ ਕਮੀਸ਼ਨ ਬਣਿਆ ਭਾਜਪਾ ਦਾ ਬੁਲਾਰਾ, ਜੇ ਇਕ ਸ਼ਬਦ ਕਿਹਾ ਤਾਂ ਪੂਰਾ ਬੰਗਾਲ ਖੜ੍ਹਾ ਹੋ ਜਾਵੇਗਾ : ਮਮਤਾ ਬੈਨਰਜੀ

ਚੋਣ ਕਮੀਸ਼ਨ ਬਣਿਆ ਭਾਜਪਾ ਦਾ ਬੁਲਾਰਾ, ਜੇ ਇਕ ਸ਼ਬਦ ਕਿਹਾ ਤਾਂ ਪੂਰਾ ਬੰਗਾਲ ਖੜ੍ਹਾ ਹੋ ਜਾਵੇਗਾ : ਮਮਤਾ ਬੈਨਰਜੀ

0
ਚੋਣ ਕਮੀਸ਼ਨ ਬਣਿਆ ਭਾਜਪਾ ਦਾ ਬੁਲਾਰਾ, ਜੇ ਇਕ ਸ਼ਬਦ ਕਿਹਾ ਤਾਂ ਪੂਰਾ ਬੰਗਾਲ ਖੜ੍ਹਾ ਹੋ ਜਾਵੇਗਾ : ਮਮਤਾ ਬੈਨਰਜੀ

ਕੋਲਕਾਤਾ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੀਰਵਾਰ 1 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਦੂਜੇ ਗੇੜ ‘ਚ ਬੰਗਾਲ ਦੀਆਂ ਜਿਨ੍ਹਾਂ 30 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ, ਉਨ੍ਹਾਂ ‘ਚੋਂ ਇਕ ਸਭ ਤੋਂ ਹੌਟ ਸੀਟ ਨੰਦੀਗ੍ਰਾਮ ਵੀ ਹੈ। ਇੱਥੋਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਿਆਸੀ ਮੈਦਾਨ ‘ਚ ਹਨ, ਜਦਕਿ ਉਨ੍ਹਾਂ ਦੇ ਵਿਰੁੱਧ ਭਾਜਪਾ ਨੇ ਇੱਥੋਂ ਸ਼ੁਭੇਂਦੁ ਅਧਿਕਾਰੀ ਨੂੰ ਖੜ੍ਹਾ ਕਰਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ।
ਇਸ ਦੌਰਾਨ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਅਤੇ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਕਿਹਾ, “ਮੈਂ ਚੋਣ ਕਮਿਸ਼ਨ ਦਾ ਸਤਿਕਾਰ ਕਰਦੀ ਹਾਂ। ਪਰ ਮੇਰੀ ਇੱਕ ਅਪੀਲ ਹੈ। ਤੁਸੀਂ ਸਿਰਫ਼ ਭਾਜਪਾ ਦੀ ਗੱਲ ਸੁਣ ਰਹੇ ਹੋ। ਮੰਗਲਵਾਰ ਨੂੰ ਭਾਜਪਾ ਸਮਰਥਕਾਂ ਅਤੇ ਵਰਕਰਾਂ ਵੱਲੋਂ ਮੇਰੇ ‘ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਬੰਗਾਲ ਹੈ। ਜੇ ਮੈਂ ਇਕ ਸ਼ਬਦ ਕਿਹਾ ਤਾਂ ਪੂਰਾ ਬੰਗਾਲ ਉਨ੍ਹਾਂ ਦਾ ਸਫ਼ਾਇਆ ਕਰ ਦੇਵੇਗਾ। ਪਰ ਮੈਂ ਸੁਤੰਤਰ, ਸ਼ਾਂਤਮਈ ਤੇ ਨਿਰਪੱਖ ਚੋਣਾਂ ਚਾਹੁੰਦੀ ਹਾਂ। ਇਸੇ ਲਈ ਮੈਂ ਕੁਝ ਨਹੀਂ ਕਰ ਰਹੀ ਹਾਂ।”
ਮਮਤਾ ਬੈਨਰਜੀ ਨੇ ਸਵਾਲ ਕੀਤਾ, “ਕਿਵੇਂ ਭਾਜਪਾ ਆਗੂਆਂ ਕੋਲ ਇੰਨੇ ਸਾਰੇ ਪੈਸੇ ਹਨ। ਕਿਉਂ ਸਾਡੇ ਪੈਸੇ ਉਨ੍ਹਾਂ ਕੋਲ ਹਨ? ਭਾਜਪਾ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇ ਰਹੀ ਹੈ ਅਤੇ ਚੋਣ ਕਮਿਸ਼ਨ ਵੀ ਉਹੀ ਕਰ ਰਿਹਾ ਹੈ। ਹੁਣ ਚੋਣ ਕਮਿਸ਼ਨ ਭਾਜਪਾ ਦਾ ਬੁਲਾਰਾ ਬਣ ਗਿਆ ਹੈ।” ਮਮਤਾ ਨੇ ਕਿਹਾ, “ਭਾਜਪਾ ਦੇ ਗੁੰਡਿਆਂ ਨੂੰ ਇਜਾਜ਼ਤ ਦੇਣ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੈ। ਵਿਦੇਸ਼ੀ ਠੱਗ ਕਿਵੇਂ ਆ ਸਕਦੇ ਹਨ? ਜਿਵੇਂ ਪਹਿਲਾਂ ਨਿਯਮ ਸੀ, ਬੂਥ ਏਜੰਟ ਸਥਾਨਕ ਬੂਥਾਂ ਤੋਂ ਹੋਣੇ ਚਾਹੀਦੇ ਹਨ। ਪਰ ਭਾਜਪਾ ਦੀ ਮੰਗ ਤੋਂ ਬਾਅਦ ਉਸ ਨਿਯਮ ਨੂੰ ਬਦਲ ਦਿੱਤਾ ਗਿਆ। ਹੁਣ ਦੂਜੇ ਬੂਥ ਦੇ ਲੋਕ ਵੀ ਦੂਜੇ ਬੂਥ ‘ਚ ਬੂਥ ਏਜੰਟ ਹੋ ਸਕਦੇ ਹਨ। ਇਸ ਤਰ੍ਹਾਂ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ।”
ਮਮਤਾ ਬੈਨਰਜੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ, “ਦੂਜੇ ਸੂਬਿਆਂ ਦੇ ਗੁੰਡੇ ਵੋਟਰਾਂ ਨੂੰ ਧਮਕਾਉਣ ਲਈ ਨੰਦੀਗ੍ਰਾਮ ‘ਚ ਦਾਖਲ ਹੋਏ ਹਨ। ਬਲਰਾਮਪੁਰ ਪਿੰਡ ਅਤੇ ਹੋਰ ਇਲਾਕਿਆਂ ਦੇ ਪਿੰਡ ਵਾਸੀਆਂ ਨੂੰ ਭਜਾਇਆ ਜਾ ਰਿਹਾ ਹੈ। ਉਹ ਵੋਟਰਾਂ ਨੂੰ ਧਮਕੀਆਂ ਦੇ ਰਹੇ ਹਨ। ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਰਹੇ ਹਾਂ। ਚੋਣ ਕਮਿਸ਼ਨ ਨੂੰ ਇਸ ਸ਼ਿਕਾਇਤ ‘ਤੇ ਨੋਟਿਸ ਲੈਂਦਿਆਂ ਕਾਰਵਾਈ ਕਰਨੀ ਚਾਹੀਦੀ ਹੈ।”
ਗਊਘਾਟ ‘ਚ ਇੱਕ ਚੋਣ ਰੈਲੀ ‘ਚ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਕਿਹਾ, “ਉਹ ਮੇਰੇ ਵਿਰੁੱਧ ਲੜਨ ਲਈ ਸੈਂਕੜੇ ਆਗੂਆਂ ਨੂੰ ਲੈ ਕੇ ਆਏ ਸਨ। ਉਹ ਇਕੱਲੀ ਔਰਤ ਵਿਰੁੱਧ ਨਹੀਂ ਲੜ ਸਕਦੇ। ਇਹ ਉਨ੍ਹਾਂ ਦਾ ਡਰ ਹੈ। ਉਹ ਬੰਗਾਲ ਨੂੰ ਨਫ਼ਰਤ ਕਰਦੇ ਹਨ। ਇਸੇ ਕਰਕੇ ਹੁਣ ਤੱਕ ਉਨ੍ਹਾਂ ਨੇ ਮੇਰੇ ਸੂਬੇ ਦਾ ਨਾਮ ਪੱਛਮੀ ਬੰਗਾਲ ਤੋਂ ਬਦਲ ਕੇ ਬੰਗਾਲ ਨਹੀਂ ਕੀਤਾ।”
ਮਮਤਾ ਨੇ ਕਿਹਾ, “ਮੇਰੀ ਕਾਰ’ ਤੇ ਹਮਲਾ ਹੋਇਆ ਸੀ। ਪੱਤਰਕਾਰਾਂ ਨੇ ਵੀ ਇਹ ਘਟਨਾ ਵੇਖੀ ਹੈ। ਮੈਂ ਚੋਣਾਂ ਕਰਕੇ ਚੁੱਪ ਹਾਂ। ਇਸ ਤੋਂ ਬਾਅਦ ਵਿਖਾਵਾਂਗੀ ਵੱਡੇ-ਵੱਡੇ ਚਿਹਰੇ ਵਾਲਿਆਂ ਨੂੰ। ਗੁੰਡਾ ਮਿਰਜਾਪੁਰ ਦੀ ਪਾਰਟੀ ਹੈ ਭਾਜਪਾ। ਉੱਤਰ ਪ੍ਰਦੇਸ਼ ਦੇ ਹਾਥਰਸ ਵਰਗਾ ਬੰਗਾਲ ਨੂੰ ਬਣਾਉਣਾ ਚਾਹੁੰਦੇ ਹਨ। ਇੱਥੇ ਦੀਆਂ ਕੁੜੀਆਂ ਨੂੰ ਹੱਥ ਲਗਾ ਕੇ ਤਾਂ ਵਿਖਾਓ। ਮੈਂ ਚੋਣ ਕਮਿਸ਼ਨ ਨੂੰ ਬੋਲ-ਬੋਲ ਕੇ ਪ੍ਰੇਸ਼ਾਨ ਹੋ ਗਈ ਹਾਂ, ਪਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਮੈਂ ਚਾਹੁੰਦੀ ਹਾਂ ਕਿ ਚੋਣਾਂ ਸ਼ਾਂਤੀਪੂਰਵਕ ਹੋਣ। ਗੁੰਡਾ ਭਾਜਪਾ ਬੰਗਾਲ ‘ਚ ਦਾਖਲ ਹੋਣਾ ਚਾਹੁੰਦੀ ਹੈ।”