ਚੌਥੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਬੰਗਾਲ ‘ਚ ਫਿਰ ਹਿੰਸਾ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਕਾਫ਼ਲੇ ‘ਤੇ ਹਮਲਾ, ਕਾਰ ਦਾ ਸ਼ੀਸ਼ਾ ਤੋੜਿਆ

ਕੋਲਕਾਤਾ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਕਾਫ਼ਲੇ ਉੱਤੇ ਪੱਛਮੀ ਬੰਗਾਲ ‘ਚ ਚੌਥੇ ਗੇੜ ਦੀ ਵੋਟਿੰਗ ਤੋਂ ਇਕ ਦਿਨ ਪਹਿਲਾਂ ਹਮਲਾ ਹੋਇਆ। ਸ਼ੁੱਕਰਵਾਰ ਨੂੰ ਦੱਖਣੀ ਕੋਲਕਾਤਾ ‘ਚ ਉਨ੍ਹਾਂ ਦੇ ਕਾਫ਼ਲੇ ‘ਤੇ ਪੱਥਰ ਸੁੱਟੇ ਗਏ। ਉਨ੍ਹਾਂ ਨੇ ਟੀਐਮਸੀ ਵਰਕਰਾਂ ਉੱਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ।

Video Ad

ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਪ੍ਰਚਾਰ ਲਈ ਕੋਲਕਾਤਾ ਪਹੁੰਚੇ ਸਨ। ਉਨ੍ਹਾਂ ਕਿਹਾ, “ਭਾਜਪਾ ਨੂੰ ਬੰਗਾਲ ਚੋਣਾਂ ਦੇ 3 ਗੇੜ ‘ਚ ਲੋਕਾਂ ਦਾ ਇਤਿਹਾਸਕ ਸਮਰਥਨ ਮਿਲਿਆ ਹੈ। ਸਾਡਾ ਅਨੁਮਾਨ ਹੈ ਕਿ ਭਾਜਪਾ ਇਨ੍ਹਾਂ ਤਿੰਨੇ ਗੇੜ ‘ਚ ਬੰਗਾਲ ਵਿੱਚ 63 ਤੋਂ 68 ਫ਼ੀਸਦੀ ਸੀਟਾਂ ਜਿੱਤੇਗੀ।

ਅਮਿਤ ਸ਼ਾਹ ਨੇ ਕਿਹਾ, “ਮੇਰੀ ਜ਼ਿੰਦਗੀ ‘ਚ ਮੈਂ ਅਜਿਹਾ ਕੋਈ ਆਗੂ ਜਾਂ ਮੁੱਖ ਮੰਤਰੀ ਨਹੀਂ ਵੇਖਿਆ, ਜੋ ਸੀਆਰਪੀਐਫ ਵਿਰੁੱਧ ਬਿਆਨਬਾਜ਼ੀ ਕਰੇ। ਦੀਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੀਆਰਪੀਐਫ ਚੋਣਾਂ ਸਮੇਂ ਚੋਣ ਕਮਿਸ਼ਨ ਦੇ ਅਧੀਨ ਕੰਮ ਕਰਦੀ ਹੈ।” ਉਨ੍ਹਾਂ ਪੁੱਛਿਆ ਕਿ ਕੀ ਮਮਤਾ ਲੋਕਾਂ ਨੂੰ ਅਰਾਜਕਤਾ ਵੱਲ ਧੱਕ ਰਹੀ ਹੈ? ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤ੍ਰਿਣਮੂਲ ਕਾਂਗਰਸ ਦਾ ਵੋਟ ਬੈਂਕ ਖਿਸਕ ਰਿਹਾ ਹੈ, ਇਸ ਲਈ ਉਹ ਘੱਟ-ਗਿਣਤੀਆਂ ਨੂੰ ਇਕੱਠੇ ਹੋ ਕੇ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

ਮਮਤਾ ਬੈਨਰਜੀ ਨੇ ਹਾਲ ਹੀ ‘ਚ ਇਕ ਮੀਟਿੰਗ ‘ਚ ਕਿਹਾ ਸੀ ਕਿ ਘੱਟ-ਗਿਣਤੀ ਭਾਈਚਾਰੇ ਨੂੰ ਮਿਲ ਕੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਮੁਸਲਮਾਨਾਂ ਨੂੰ ਇਕਜੁੱਟ ਹੋ ਕੇ ਭਾਜਪਾ ਨੂੰ ਹਰਾਉਣ ਲਈ ਤ੍ਰਿਣਮੂਲ ਨੂੰ ਵੋਟ ਦੇਣਾ ਚਾਹੀਦਾ ਹੈ। ਇਸ ਬਿਆਨ ‘ਤੇ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਨੋਟਿਸ ਭੇਜਿਆ ਹੈ।

ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਜਵਾਬ ‘ਚ ਮਮਤਾ ਨੇ ਕਿਹਾ ਕਿ ਭਾਵੇਂ ਚੋਣ ਕਮਿਸ਼ਨ 10 ਨੋਟਿਸ ਜਾਰੀ ਕਰ ਦੇਵੇ ਤਾਂ ਵੀ ਉਹ ਆਪਣੇ ਬਿਆਨ ‘ਤੇ ਕਾਇਮ ਹਨ। ਨੋਟਿਸ ਬਾਰੇ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਹਾਵੜਾ ‘ਚ ਇਕ ਮੀਟਿੰਗ ਦੌਰਾਨ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, “ਮੈਂ ਉਨ੍ਹਾਂ ਵਿਰੁੱਧ ਆਪਣੀ ਲੜਾਈ ਜਾਰੀ ਰੱਖਾਂਗੀ ਜੋ ਬੰਗਾਲ ਨੂੰ ਧਰਮ ਤੇ ਫਿਰਕੂਵਾਦ ‘ਚ ਵੰਡਣਾ ਚਾਹੁੰਦੇ ਹਨ।”

Video Ad