ਚੰਡੀਗੜ੍ਹ ਦੇ ਡੀਏਵੀ ਕਾਲਜ ਵਿਚ ਮੁੰਡਿਆਂ ਦੇ ਸਿੰਙ ਫਸੇ

ਚੰਡੀਗੜ੍ਹ, 22 ਸਤੰਬਰ, ਹ.ਬ. : ਚੰਡੀਗੜ੍ਹ ਦੇ ਸੈਕਟਰ-10 ਸਥਿਤ ਡੀਏਵੀ ਕਾਲਜ ਵਿੱਚ ਬੁੱਧਵਾਰ ਨੂੰ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝੜਪ ਹੋ ਗਈ। ਲੜਾਈ ’ਚ ਦੋ ਨੌਜਵਾਨਾਂ ਦੇ ਸਿਰ ਅਤੇ ਕੰਨ ’ਤੇ ਸੱਟਾਂ ਲੱਗੀਆਂ। ਇਹ ਝਗੜਾ ਚੋਣਾਵੀ ਰੰਜਿਸ਼ ਅਤੇ ਚੋਣ ਪ੍ਰਚਾਰ ਲਈ ਬਾਹਰਲੇ ਨੌਜਵਾਨਾਂ ਨੂੰ ਬੁਲਾਉਣ ਨੂੰ ਲੈ ਕੇ ਹੋਇਆ। ਲੜਾਈ ਵਿੱਚ ਸ਼ਾਮਲ ਵਿਦਿਆਰਥੀ ਵਿਦਿਆਰਥੀ ਸੰਗਠਨ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (ਸੋਈ) ਅਤੇ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ (ਐਚਐਸਏ) ਨਾਲ ਜੁੜੇ ਦੱਸੇ ਜਾਂਦੇ ਹਨ। ਕਾਲਜ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸੰਘਰਸ਼ ਵਿੱਚ ਸ਼ਾਮਲ ਪੰਜ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕਰ ਦਿੱਤੇ ਹਨ। ਦੋਵੇਂ ਵਿਦਿਆਰਥੀ ਜਥੇਬੰਦੀਆਂ ਨਾਲ ਸਬੰਧਤ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਬਾਹਰਲੇ ਨੌਜਵਾਨਾਂ ਨੂੰ ਚੋਣ ਪ੍ਰਚਾਰ ਲਈ ਬੁਲਾਉਣ ਦੇ ਇੱਕ-ਦੂਜੇ ’ਤੇ ਇਲਜ਼ਾਮ ਲਾਏ ਸਨ ਅਤੇ ਵਿਦਿਆਰਥੀਆਂ ਲਈ ਕੰਮ ਕਰਨ ਦੀ ਵੀ ਦਲੀਲ ਦਿੱਤੀ ਸੀ। ਪਹਿਲਾਂ ਕਲਾਸ ਰੂਮ ਵਿੱਚ ਦੋ ਗੁੱਟਾਂ ਵਿੱਚ ਝਗੜਾ ਹੋਇਆ ਜਿੱਥੇ ਹੋਰ ਵਿਦਿਆਰਥੀਆਂ ਨੇ ਦਖਲ ਦਿੱਤਾ, ਇਸ ਤੋਂ ਬਾਅਦ ਦੋਸ਼ ਹੈ ਕਿ ਐਚਐਸਏ ਨਾਲ ਸਬੰਧਤ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਸੋਈ ਨਾਲ ਸਬੰਧਤ ਇਕੱਲੇ ਲੜਕੇ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪੁਲਸ ਨੇ ਦੋਵਾਂ ਧੜਿਆਂ ਨੂੰ ਭਜਾ ਦਿੱਤਾ। ਇਸ ਤੋਂ ਬਾਅਦ ਬੁੱਧਵਾਰ ਨੂੰ ਕਾਲਜ ਕੈਂਪਸ ਵਿੱਚ ਦੋਵਾਂ ਜਥੇਬੰਦੀਆਂ ਨਾਲ ਸਬੰਧਤ ਵਿਦਿਆਰਥੀਆਂ ਵਿੱਚ ਇੱਕ ਵਾਰ ਫਿਰ ਝੜਪ ਹੋ ਗਈ ਅਤੇ ਸੋਈ ਨਾਲ ਸਬੰਧਤ ਵਿਦਿਆਰਥੀਆਂ ਨੇ ਐਚਐਸਏ ਦੇ ਦੋ ਵਿਦਿਆਰਥੀਆਂ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਹਰ ਸਾਲ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਤੋਂ ਪਹਿਲਾਂ ਐਚਐਸਏ ਅਤੇ ਐਸਓਆਈ ਵਿੱਚ ਬਹਿਸ ਅਤੇ ਲੜਾਈ ਹੁੰਦੀ ਹੈ। ਦੋਵਾਂ ਧੜਿਆਂ ਵਿੱਚ ਕਦੇ ਸਮਝੌਤਾ ਨਹੀਂ ਹੋਇਆ ਹੈ। ਦੂਜੇ ਪਾਸੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ.ਪਵਨ ਸ਼ਰਮਾ ਨੇ ਹੋਈ ਲੜਾਈ ਦੀ ਵੀਡੀਓ ਫੁਟੇਜ ਦੇ ਆਧਾਰ ’ਤੇ ਲੜਾਈ ਵਿੱਚ ਸ਼ਾਮਲ ਪੰਜ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕਰ ਦਿੱਤੇ ਹਨ। ਬੁੱਧਵਾਰ ਨੂੰ ਪ੍ਰਿੰਸੀਪਲ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਸਾਥੀ ਵਿਦਿਆਰਥੀਆਂ ਨੂੰ ਠੇਸ ਪਹੁੰਚਾਉਣ ਅਤੇ ਕਾਲਜ ਵਿੱਚ ਹਿੰਸਾ ਕਰਨ ਦੇ ਦੋਸ਼ ਵਿੱਚ ਪੰਜ ਵਿਦਿਆਰਥੀਆਂ ਦਾ ਦਾਖ਼ਲਾ ਰੱਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪੰਜ ਨੌਜਵਾਨਾਂ ਦੇ ਕਾਲਜ ਵਿੱਚ ਦਾਖ਼ਲੇ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਬਾਊਂਸਰਾਂ ਨੂੰ ਚਾਹ-ਕੌਫੀ ਪਿਲਾ ਕੇ ਵਿਦਿਆਰਥੀ ਅਪਣੇ ਪੱਖ ਵਿਚ ਕਰ ਲੈਂਦੇ ਹਨ ਅਤੇ ਬਾਹਰਲੇ ਨੌਜਵਾਨਾਂ ਦੀ ਐਂਟਰੀ ਕਰਵਾ ਦਿੰਦੇ ਹਨ। ਵੀਡੀਓ ਦੇ ਆਧਾਰ ’ਤੇ ਵਿਦਿਆਰਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਜ਼ਖਮੀ ਵਿਦਿਆਰਥੀਆਂ ਨੂੰ ਸੈਕਟਰ 16 ਹਸਪਤਾਲ ਪਹੁੰਚਾਇਆ।

Video Ad
Video Ad