
ਚੰਡੀਗੜ੍ਹ, 22 ਫਰਵਰੀ, ਹ.ਬ. : ਚੰਡੀਗੜ੍ਹ ਵਿੱਚ ਇੱਕ 92 ਸਾਲਾ ਕੋਵਿਡ ਪ੍ਰਭਾਵਿਤ ਮਰੀਜ਼ ਦੀ ਮੌਤ ਹੋ ਗਈ ਹੈ। ਚੰਡੀਗੜ੍ਹ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਰੀਬ 6 ਮਹੀਨਿਆਂ ਬਾਅਦ ਸ਼ਹਿਰ ਵਿੱਚ ਕੋਵਿਡ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਸੈਕਟਰ 15 ਦਾ ਰਹਿਣ ਵਾਲਾ ਬਜ਼ੁਰਗ ਗੰਭੀਰ ਬਿਮਾਰੀ ਤੋਂ ਪੀੜਤ ਸੀ। ਉਸ ਨੂੰ ਪ੍ਰੋਸਟੇਟ ਕੈਂਸਰ ਸੀ, ਨਾਲ ਹੀ ਉਸ ਨੂੰ ਨਿਮੋਨੀਆ ਵੀ ਹੋ ਗਿਆ ਸੀ। ਉਸ ਦਾ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜਾ ਚਲ ਰਿਹਾ ਸੀ। ਉਸ ਨੇ ਕੋਵਿਡ ਤੋਂ ਬਚਾਅ ਲਈ ਕੋਵਿਡ ਦੀਆਂ ਦੋਵੇਂ ਖੁਰਾਕਾਂ ਦੇ ਨਾਲ ਬੂਸਟਰ ਡੋਜ਼ ਵੀ ਲਈ ਸੀ। ਹਾਲਾਂਕਿ, ਉਸਦੀ ਗੰਭੀਰ ਬਿਮਾਰੀ ਕਾਰਨ ਕੋਵਿਡ ਇਨਫੈਕਸ਼ਨ ਦੀ ਸਥਿਤੀ ਵੀ ਬਣੀ ਰਹੀ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 26 ਅਗਸਤ ਨੂੰ ਸ਼ਹਿਰ ਵਿੱਚ ਕੋਵਿਡ ਕਾਰਨ ਇੱਕ ਜਾਨ ਚਲੀ ਗਈ ਸੀ। ਇਸ ਦੇ ਨਾਲ ਹੀ, ਨਵੰਬਰ 2022 ਤੋਂ, ਸ਼ਹਿਰ ਵਿੱਚ ਕੋਵਿਡ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਸੀ। ਇਸ ਮਹੀਨੇ ਹੁਣ ਤੱਕ ਸ਼ਹਿਰ ਵਿੱਚ ਕੋਵਿਡ ਦੇ ਸਿਰਫ 4 ਮਾਮਲੇ ਸਾਹਮਣੇ ਆਏ ਹਨ। ਜਨਵਰੀ ਵਿੱਚ, ਕੋਵਿਡ ਦੇ 9 ਮਾਮਲੇ ਸਾਹਮਣੇ ਆਏ ਸਨ। ਮਾਰਚ 2020 ਵਿੱਚ ਕੋਵਿਡ ਮਹਾਂਮਾਰੀ ਫੈਲਣ ਸ਼ੁਰੂ ਹੋਈ ਸੀ। ਸ਼ਹਿਰ ਵਿੱਚ ਹੁਣ ਤੱਕ 99,364 ਪਾਜ਼ੇਟਿਵ ਕੇਸ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 98,180 ਠੀਕ ਹੋ ਚੁੱਕੇ ਹਨ। ਦੂਜੇ ਪਾਸੇ, 1,182 ਕੋਵਿਡ ਪ੍ਰਭਾਵਿਤ ਲੋਕਾਂ ਦੀ ਵੀ ਮੌਤ ਹੋ ਗਈ ਹੈ। ਇਸ ਸਮੇਂ ਸ਼ਹਿਰ ਵਿੱਚ 2 ਲੋਕ ਕੋਰੋਨਾ ਤੋਂ ਪ੍ਰਭਾਵਿਤ ਹਨ ਅਤੇ ਦੋਵੇਂ ਹੋਮ ਕੁਆਰੰਟੀਨ ਵਿੱਚ ਹਨ।