Home ਭਾਰਤ ਛੱਤੀਸਗੜ੍ਹ : ਨਕਸਲੀਆਂ ਨੇ ਪੁਲਿਸ ਬੱਸ ‘ਤੇ ਕੀਤਾ ਧਮਾਕਾ, 4 ਜਵਾਨ ਸ਼ਹੀਦ, 14 ਜ਼ਖ਼ਮੀ

ਛੱਤੀਸਗੜ੍ਹ : ਨਕਸਲੀਆਂ ਨੇ ਪੁਲਿਸ ਬੱਸ ‘ਤੇ ਕੀਤਾ ਧਮਾਕਾ, 4 ਜਵਾਨ ਸ਼ਹੀਦ, 14 ਜ਼ਖ਼ਮੀ

0
ਛੱਤੀਸਗੜ੍ਹ : ਨਕਸਲੀਆਂ ਨੇ ਪੁਲਿਸ ਬੱਸ ‘ਤੇ ਕੀਤਾ ਧਮਾਕਾ, 4 ਜਵਾਨ ਸ਼ਹੀਦ, 14 ਜ਼ਖ਼ਮੀ

ਨਾਰਾਇਣਪੁਰ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ‘ਚ ਨਕਸਲੀਆਂ ਨੇ ਮੰਗਲਵਾਰ ਨੂੰ ਡੀਆਰਜੀ ਜਵਾਨਾਂ ਨਾਲ ਭਰੀ ਬੱਸ ‘ਚ ਧਮਾਕਾ ਕਰ ਦਿੱਤਾ। ਇਸ ਹਮਲੇ ‘ਚ 4 ਜਵਾਨ ਸ਼ਹੀਦ ਹੋ ਗਏ, ਜਦਕਿ 8 ਜ਼ਖ਼ਮੀ ਦੱਸੇ ਜਾ ਰਹੇ ਹਨ। ਧਮਾਕੇ ਦੌਰਾਨ ਬੱਸ ‘ਚ 24 ਜਵਾਨ ਸਵਾਰ ਸਨ। ਸੂਚਨਾ ਮਿਲਣ ‘ਤੇ ਬੈਕਅਪ ਫ਼ੋਰਸ ਨੂੰ ਮੌਕੇ ‘ਤੇ ਭੇਜਿਆ ਗਿਆ। ਸਾਰੇ ਫ਼ੌਜੀ ਇਕ ਆਪ੍ਰੇਸ਼ਨ ‘ਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਛੱਤੀਸਗੜ੍ਹ ਦੇ ਡੀਜੀਪੀ ਡੀ.ਐਮ. ਅਵਸਥੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।
ਬਸਤਰ ਦੇ ਆਈ.ਜੀ. (ਪੀ) ਸੁੰਦਰਰਾਜ ਨੇ ਦੱਸਿਆ ਕਿ ਨਾਰਾਇਣਪੁਰ ‘ਚ ਨਕਸਲ ਵਿਰੋਧੀ ਆਪ੍ਰੇਸ਼ਨ ਤੋਂ ਬਾਅਦ ਡੀਆਰਜੀ ਫ਼ੋਰਸ ਵਾਪਸ ਪਰਤ ਰਹੀ ਸੀ। ਉਸੇ ਸਮੇਂ ਇਕ ਆਈ.ਈ.ਡੀ ਧਮਾਕੇ ‘ਚ ਬੱਸ ਦੇ ਡਰਾਈਵਰ ਸਮੇਤ 4 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ‘ਚ 2 ਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ ਅਤੇ 12 ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ। ਜ਼ਖ਼ਮੀ ਫ਼ੌਜੀਆਂ ਨੂੰ ਹਵਾਈ ਫ਼ੌਜ ਦੇ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਗਿਆ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਡੇਨਾਰ ਇਲਾਕੇ ‘ਚ ਧੌੜਾਈ ਅਤੇ ਪੱਲੇਨਾਰ ਦੇ ਵਿਚਕਾਰ ਸੰਘਣਾ ਜੰਗਲ ਹੈ। ਨਕਸਲੀਆਂ ਨੇ ਇੱਥੇ ਹਮਲਾ ਕੀਤਾ ਅਤੇ ਬੱਸ ਨੂੰ ਨਿਸ਼ਾਨਾ ਬਣਾ ਕੇ ਆਈਈਡੀ ਧਮਾਕਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ੌਜੀ ਮੰਡੋੜਾ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਨਕਸਲੀਆਂ ਨੇ ਬੀਤੀ 17 ਮਾਰਚ ਨੂੰ ਸਰਕਾਰ ਨੂੰ ਸ਼ਾਂਤੀ ਵਾਰਤਾ ਦਾ ਪ੍ਰਸਤਾਵ ਦਿੱਤਾ ਸੀ। ਨਕਸਲੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਲੋਕਾਂ ਦੀ ਬਿਹਤਰੀ ਲਈ ਛੱਤੀਸਗੜ੍ਹ ਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਗੱਲਬਾਤ ਲਈ ਤਿੰਨ ਸ਼ਰਤਾਂ ਵੀ ਰੱਖੀਆਂ ਸਨ। ਇਨ੍ਹਾਂ ‘ਚ ਹਥਿਆਰਬੰਦ ਬਲਾਂ ਨੂੰ ਹਟਾਉਣਾ, ਮਾਓਵਾਦੀ ਸੰਗਠਨਾਂ ‘ਤੇ ਪਾਬੰਦੀਆਂ ਹਟਾਉਣ ਅਤੇ ਉਨ੍ਹਾਂ ਦੇ ਜੇਲ੍ਹਾਂ ‘ਚ ਬੰਦ ਆਗੂਆਂ ਦੀ ਬਗੈਰ ਸ਼ਰਤ ਰਿਹਾਈ ਸ਼ਾਮਲ ਸੀ।