ਹਾਦਸੇ ਵਿਚ ਮਾਰੇ ਗਏ ਲੋਕ ਇੱਕੋ ਪਰਵਾਰ ਦੇ
ਮੁੱਖ ਮੰਤਰੀ ਬਘੇਲ ਨੇ ਘਟਨਾ ’ਤੇ ਦੁੱਖ ਜਤਾਇਆ
ਬਾਲੋਦ, 4 ਮਈ, ਹ.ਬ. : ਛੱਤੀਸਗੜ੍ਹ ਦੇ ਬਲੋਦ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ’ਚ 11 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਹਾਹਾਕਾਰ ਮੱਚ ਗਈ। ਦੱਸਿਆ ਜਾਂਦਾ ਹੈ ਕਿ ਇਹ ਵੱਡਾ ਸੜਕ ਹਾਦਸਾ ਬਲੋਦ ਜ਼ਿਲ੍ਹੇ ਦੇ ਜਗਤਾਰਾ ਨੇੜੇ ਵਾਪਰਿਆ ਹੈ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਦੱਸਿਆ ਗਿਆ ਹੈ ਕਿ ਬਲੋਦ ਦੇ ਪੁਰੂਰ ਅਤੇ ਚਰਮਰਾ ਦੇ ਵਿਚਕਾਰ ਬਲੋਦਗਾਹ ਨੇੜੇ ਇੱਕ ਵਿਆਹ ਸਮਾਗਮ ਵਿੱਚ ਜਾ ਰਹੀ ਇੱਕ ਬੋਲੈਰੋ ਅਤੇ ਇੱਕ ਟਰੱਕ ਵਿਚਕਾਰ ਹੋਈ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਗੰਭੀਰ ਹਾਲਤ ਵਿੱਚ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਅਤੇ ਬੋਲੈਰੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਕਾਰਨ ਬੋਲੈਰੋ ਦੇ ਪਰਖੱਚੇ ਉੱਡ ਗਏ। ਬੋਲੈਰੋ ’ਚ ਸਵਾਰ ਕਰੀਬ 11 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਲੋਕ ਧਮਤਰੀ ਜ਼ਿਲ੍ਹੇ ਦੇ ਸੋਰਾਮ ਭਟਗਾਓਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਸਾਰੇ ਕਾਂਕੇਰ ਜ਼ਿਲ੍ਹੇ ਦੇ ਮਾਰਕਾਟੋਲਾ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਵਾਪਸੀ ਦੌਰਾਨ ਬਲੋਦ ਜ਼ਿਲ੍ਹੇ ਦੇ ਜਗਤਰਾ ਨੇੜੇ ਇਹ ਘਟਨਾ ਵਾਪਰੀ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਲੋਕ ਇੱਕ ਹੀ ਪਰਿਵਾਰ ਦੇ ਸਨ। ਹਾਦਸੇ ’ਚ ਸਿਰਫ ਬੱਚਾ ਹੀ ਬਚਿਆ, ਜੋ ਗੰਭੀਰ ਰੂਪ ’ਚ ਜ਼ਖਮੀ ਹੈ। ਜ਼ਖਮੀ ਬੱਚੇ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪਰਿਵਾਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੋਰਮ ਤੋਂ ਮਾਰਕਾਟੋਲਾ ਜਾ ਰਿਹਾ ਸੀ।