ਜਦੋਂ ਤਕ ‘370’ ਦਾ ਫ਼ੈਸਲਾ ਵਾਪਸ ਨਹੀਂ ਹੋਵੇਗਾ, ਉਦੋਂ ਤਕ ਭਾਰਤ ਨਾਲ ਕਾਰੋਬਾਰ ਨਹੀਂ ਕਰਾਂਗੇ : ਇਮਰਾਨ ਖ਼ਾਨ

ਇਸਲਾਮਾਬਾਦ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਗੁਆਂਢੀ ਦੇਸ਼ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨਾਲ ਧੋਖਾ ਕੀਤਾ ਹੈ। ਭਾਰਤ ਨਾਲ ਵਪਾਰ ਸ਼ੁਰੂ ਕਰਨ ਦੇ ਆਪਣੇ ਫ਼ੈਸਲੇ ਤੋਂ ਇਕ ਦਿਨ ਬਾਅਦ ਹੀ ਪਾਕਿਸਤਾਨ ਪਲਟ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸਰਕਾਰੀ ਪੈਨਲ ਦੇ ਫ਼ਸਲੇ ਨੂੰ ਰੱਦ ਕਰ ਦਿੱਤਾ ਹੈ। ਬੈਠਕ ‘ਚ ਮੰਤਰੀ ਮੰਡਲ ਨੇ ਭਾਰਤ ਤੋਂ ਚੀਨੀ ਅਤੇ ਕਪਾਹ ਦਰਾਮਦ ਕਰਨ ਦੇ ਫ਼ੈਸਲੇ ‘ਤੇ ਅਸਹਿਮਤੀ ਜਤਾਈ ਹੈ।
ਪਾਕਿਸਤਾਨ ਦੀ ਕੈਬਨਿਟ ਨੇ ਭਾਰਤ ਤੋਂ ਚੀਨੀ ਅਤੇ ਕਪਾਹ ਦੀ ਦਰਾਮਦ ਦੇ ਮੁੱਦੇ ‘ਤੇ ਕੋਈ ਫ਼ੈਸਲਾ ਨਹੀਂ ਲਿਆ। ਇਸ ਦੀ ਬਜਾਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਉਦੋਂ ਤਕ ਭਾਰਤ ਨਾਲ ਵਪਾਰ ਨੂੰ ਬਹਾਲ ਨਹੀਂ ਕਰੇਗਾ, ਜਦੋਂ ਤਕ ਭਾਰਤ ਸਰਕਾਰ ਜੰਮੂ-ਕਸ਼ਮੀਰ ‘ਚ ਹਟਾਈ ਗਈ ਧਾਰ-370 ਦੇ ਫ਼ੈਸਲੇ ਨੂੰ ਵਾਪਸ ਨਹੀਂ ਲੈਂਦਾ।

Video Ad

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਹੱਮਾਦ ਅਜ਼ਹਰ ਨੇ ਬੀਤੇ ਦਿਨੀਂ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਗੁਆਂਢੀ ਦੇਸ਼ ਨਾਲ ਦਰਾਮਦ ਕਰਨ ‘ਤੇ ਪਾਕਿਸਤਾਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਨੇ ਕਸ਼ਮੀਰ ਪ੍ਰਤੀ ਵੱਧ ਰਹੇ ਤਣਾਅ ਦੇ ਮੱਦੇਨਜ਼ਰ 5 ਅਗਸਤ 2019 ਨੂੰ ਗੁਆਂਢੀ ਦੇਸ਼ ਤੋਂ ਆਪਣੀਆਂ ਦਰਾਮਦਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਹੱਮਾਦ ਅਜ਼ਹਰ ਦੀ ਅਗਵਾਈ ਵਾਲੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਦੀ ਇਕ ਮੀਟਿੰਗ ‘ਚ ਇਸ ਬਾਰੇ ਫ਼ੈਸਲਾ ਲਿਆ ਗਿਆ ਸੀ। ਹੱਮਾਦ ਅਜ਼ਹਰ ਨੂੰ ਬੀਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿੱਤ ਮੰਤਰੀ ਨਿਯੁਕਤ ਕੀਤਾ ਸੀ। ਵਿੱਤ ਮੰਤਰੀ ਨੇ ਕਿਹਾ ਕਿ ਮੀਟਿੰਗ ‘ਚ ਏਜੰਡੇ ਵਿੱਚ ਸ਼ਾਮਲ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ‘ਚ ਭਾਰਤ ਤੋਂ ਕਪਾਹ ਅਤੇ ਚੀਨ ਦੀ ਦਰਾਮਦ ਦਾ ਮੁੱਦਾ ਸ਼ਾਮਲ ਸੀ।

Video Ad