ਜਰਮਨੀ ਦੇ ਫਰੈਂਕਫੋਰਟ ਸ਼ਹਿਰ ਦੀਆਂ ਚੋਣਾਂ ’ਚ ਪੰਜਾਬੀਆਂ ਨੇ ਗੱਡਿਆ ਜਿੱਤ ਦਾ ਝੰਡਾ

ਬਰਲਿਨ (ਜਰਮਨੀ), 21 ਮਾਰਚ (ਗੁਰਸ਼ਰਨ ਸਿੰਘ ਸੋਨੀ) : ਭਾਰਤੀ ਭਾਈਚਾਰੇ ਦੇ ਲੋਕ ਆਪਣੀ ਸਖ਼ਤ ਮਿਹਨਤ ਤੇ ਇਮਾਨਦਾਰੀ ਸਦਕਾ ਵਿਦੇਸ਼ੀ ਧਰਤੀ ’ਤੇ ਵੀ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂੁਹ ਲੈਂਦੇ ਹਨ। ਇਸੇ ਤਰ੍ਹਾਂ ਯੂਰਪ ਦੇ ਮਹਾਰਾਜਾ ਦੇਸ਼ ਵਜੋਂ ਜਾਣੇ ਜਾਂਦੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿੱਚ ਵਿਦੇਸ਼ੀ ਸਿਟੀ ਕੌਂਸਲਰ ਲਈ ਹੋਈਆਂ ਚੋਣਾਂ ਵਿੱਚ 2 ਪੰਜਾਬੀਆਂ ਸਣੇ 13 ਭਾਰਤੀਆਂ ਨੇ ਜਿੱਤ ਦਾ ਝੰਡਾ ਗੱਡਿਆ ਹੈ।
ਇਨ੍ਹਾਂ ਚੋਣਾਂ ਵਿੱਚ ਕੁੱਲ 37 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ, ਜਿਨ੍ਹਾਂ ਵਿਚੋਂ 13 ਭਾਰਤੀ ਮੂਲ ਦੇ ਲੋਕਾਂ ਨੇ ਜਿੱਤ ਦਰਜ ਕੀਤੀ। ਇਨ੍ਹਾਂ ਵਿੱਚ 2 ਪੰਜਾਬੀ ਮੂਲ ਦੇ ਉਮੀਦਵਾਰ ਨਰਿੰਦਰ ਸਿੰਘ ਘੌਤੜਾ ਤੇ ਹਰਪ੍ਰੀਤ ਕੌਰ ਨੇ ਵੀ ਵੱਡੀ ਜਿੱਤ ਦਰਜ ਕੀਤੀ। ਇਨ੍ਹਾਂ ਚੋਣਾਂ ਵਿੱਚ ਸਿਟੀ ਪਾਰਲੀਮੈਂਟ ਫਰੈਂਕਫੋਰਟ ਲਈ ਫਰਾਈ ਬਿਹਲਰ ਪਾਰਟੀ ਦੇ ਉਮੀਦਵਾਰ ਰਾਹੁਲ ਕੁਮਾਰ ਅਤੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ, ਜਿਨ੍ਹਾਂ ਵਿੱਚ ਡਾ : ਮਨੀਸ਼ ਗੁਲਾਟੀ, ਸੁਰਿੰਦਰ ਕੁਮਾਰ, ਪ੍ਰਿਆ ਰਸਤੋਗੀ, ਨਰਿੰਦਰ ਸਿੰਘ ਘੋਤਰਾ, ਕਰੀਤੀ ਕੁਮਾਰ, ਅਸ਼ਵਨੀ ਕੁਮਾਰ ਤਿਵਾੜੀ, ਕਿਸ਼ਨ ਅਗਰਵਾਲ, ਤਰੁਣ ਕਾਲੜਾ, ਵਿਨੈ ਕੁਮਾਰ, ਹਰਪ੍ਰੀਤ ਕੌਰ, ਰਾਜੀਵ ਮਹਾਜਨ, ਸਫਾਲੀ ਸੋਨੀ, ਪ੍ਰਦੀਪ ਸੋਨੀ ਆਦਿ ਸ਼ਾਮਲ ਹਨ। ਇਨ੍ਹਾਂ ਉਮੀਦਵਾਰਾ ਨੇ ਜਿੱਤ ਹਾਸਲ ਕਰਕੇ ਭਾਰਤੀ ਭਾਈਚਾਰੇ ਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ , ਦੂਜੇ ਪਾਸੇ ਜਰਮਨ ਵਿੱਚ ਵਸਦੇ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਭਾਰਤੀ ਭਾਈਚਾਰੇ ਵਲੋਂ ਇਨ੍ਹਾਂ ਜਿੱਤੇ ਉਮੀਦਵਾਰਾਂ ਨੂੰ ਮੀਡੀਆ ਰਾਹੀਂ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਜਿੱਤ ਨਾਲ ਜਰਮਨ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਇਹ ਉਪਲੱਬਧੀ ਜਰਮਨ ’ਚ ਵਸਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਤੇ ਸਾਰੇ ਭਾਈਚਾਰੇ ਵੱਲੋ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਿੱਤੇ ਉਮੀਦਵਾਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਰਮਨ ਵਿੱਚ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ।

Video Ad
Video Ad