Home ਪੰਜਾਬ ਜਲੰਧਰ : ਬੱਚੀ ਨੂੰ ਅਗਵਾ ਕਰਨ ਵਾਲੇ ਕੀਤੇ ਕਾਬੂ

ਜਲੰਧਰ : ਬੱਚੀ ਨੂੰ ਅਗਵਾ ਕਰਨ ਵਾਲੇ ਕੀਤੇ ਕਾਬੂ

0

ਜਲੰਧਰ,5 ਮਈ, ਹ.ਬ. : ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਹੀ ਜਾ ਰਿਹਾ ਹੈ। ਬੁੱਧਵਾਰ ਸ਼ਾਮ ਨੂੰ ਗਾਜ਼ੀ ਗੁੱਲਾ ਦੇ ਨਾਲ ਲੱਗਦੇ ਬਰਿਜ ਨਗਰ ਵਿਚ ਛੋਟੀ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਚ ਦੋ ਨੌਜਵਾਨਾਂ, ਇਕ ਔਰਤ ਅਤੇ ਇਕ ਨਬਾਲਿਗ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਸ ਵੇਲੇ ਐਕਟਿਵਾ ਤੇ ਆਏ ਦੋ ਨੌਜਵਾਨਾਂ ਅਤੇ ਇਕ ਲੜਕੀ ਨੇ ਬਰਿਜ ਨਗਰ ਵਿਚੋਂ ਇਕ 6 ਮਹੀਨੇ ਦੀ ਬੱਚੀ ਨੂੰ ਅਗਵਾ ਕਰ ਲਿਆ ਸੀ। ਉਸ ਬੱਚੀ ਨੂੰ ਉਸ ਦੇ ਵੱਡੇ ਭੈਣ-ਭਰਾ ਗਲੀ ਵਿਚ ਝੁਲੇ ’ਤੇ ਘੁੰਮਾ ਰਹੇ ਸਨ। ਪੁਲਿਸ ਵੱਲੋਂ ਬੱਚੀ ਦੇ ਪਿਤਾ ਓਮ ਪ੍ਰਕਾਸ਼ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਨੂੰ ਹੱਲ ਕਰਨ ਲਈ ਜਾਂਚ ਸ਼ੁਰੂ ਕੀਤੀ ਗਈ ਉਕਤ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕਰਦੇ ਕਰਦੇ ਅਗਵਾ ਕਰਨ ਵਾਲਿਆਂ ਤੱਕ ਪਹੁੰਚਣ ਲਈ ਜੁਗਾੜ ਲਗਾਏ ਜਾ ਰਹੇ ਸਨ। ਪੁਲਿਸ ਟੀਮਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਬੱਚੀ ਨੂੰ ਅਗਵਾ ਕਰਨ ਵਾਲੇ ਰਾਹੁਲ ਭੱਟੀ, ਇੰਦਰਜੀਤ ਚੰਦਨ ਅਤੇ ਇੱਕ ਨਾਬਾਲਿਗ ਲੜਕੀ ਹੈ। ਇਸ ਤੋਂ ਬਾਅਦ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਥਾਣਾ ਦੋ ਦੇ ਮੁੱਖੀ ਜਸਵਿੰਦਰ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ ਬੱਚੀ ਨੂੰ ਅਗਵਾ ਕਰਨ ਵਾਲੇ 2 ਨੌਜਵਾਨਾਂ ਰਾਹੁਲ ਭੱਟੀ ਵਾਸੀ ਅਬਾਦਪੁਰਾ, ਇੰਦਰਜੀਤ ਚੰਦਨ ਉਰਫ ਬੱਬੂ ਵਾਸੀ ਆਬਾਦਪੁਰਾ, ਊਸ਼ਾ ਵਾਸੀ ਅਬਾਦਪੁਰਾ ਅਤੇ ਇਕ ਨਬਾਲਿਗ ਲੜਕੀ ਨੂੰ ਗ੍ਰਿਫ਼ਤਾਰ ਕਰ ਕੇ ਬੱਚੀ ਨੂੰ ਬਰਾਮਦ ਕਰ ਲਿਆ।