Home ਭਾਰਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਮੌਤ, 7 ਲੋਕਾਂ ਦੀ ਹਾਲਤ ਗੰਭੀਰ

ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਮੌਤ, 7 ਲੋਕਾਂ ਦੀ ਹਾਲਤ ਗੰਭੀਰ

0
ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਮੌਤ, 7 ਲੋਕਾਂ ਦੀ ਹਾਲਤ ਗੰਭੀਰ

ਪਟਨਾ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਸ਼ਰਾਬਬੰਦੀ ਵਾਲੇ ਬਿਹਾਰ ‘ਚ ਪਿਛਲੇ 48 ਘੰਟੇ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ 6 ਲੋਕ ਨਵਾਦਾ ਅਤੇ 2 ਬੇਗੂਸਰਾਏ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ 7 ਲੋਕਾਂ ਨੂੰ ਖ਼ਰਾਬ ਸਿਹਤ ਕਾਰਨ ਪਟਨਾ ਰੈਫ਼ਰ ਕੀਤਾ ਗਿਆ ਹੈ। ਨਵਾਦਾ ‘ਚ 6 ਲਾਸ਼ਾਂ ਦਾ ਪਰਿਵਾਰਕ ਮੈਂਬਰਾਂ ਨੇ ਅੰਤਮ ਸਸਕਾਰ ਕਰ ਦਿੱਤਾ।
ਨਵਾਦਾ ਜ਼ਿਲ੍ਹੇ ਦੇ ਭਦੌਨੀ ਪੰਚਾਇਤ ਦੇ ਮੁਖੀ ਆਬਦਾ ਆਜ਼ਮੀ ਨੇ ਦੱਸਿਆ ਕਿ ਦੋ ਦਿਨ ਦੇ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਲਾਕੇ ‘ਚ ਨਾਜਾਇਜ਼ ਸ਼ਰਾਬ ਖੁੱਲ੍ਹ ਕੇ ਵੇਚੀ ਜਾ ਰਹੀ ਹੈ। ਇੱਥੇ ਖਰੀਦੀ ਬਿਗਹਾ ਪਿੰਡ ‘ਚ ਪਿਛਲੇ 48 ਘੰਟੇ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 7 ਲੋਕਾਂ ਨੂੰ ਗੰਭੀਰ ਹਾਲਤ ‘ਚ ਪਟਨਾ ਰੈਫ਼ਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਿਸੇ ਦੀ ਮੌਤ ਦੀ ਖਬਰ ਨਹੀਂ ਮਿਲੀ ਹੈ। ਮ੍ਰਿਤਕਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਮੌਤ ਦੇ ਕਾਰਨਾਂ ਬਾਰੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਹਾਲਾਂਕਿ ਇਕ ਮ੍ਰਿਤਕ ਸ਼ਕਤੀ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਹੈ। ਬੀਤੀ ਸ਼ਾਮ ਸ਼ਰਾਬ ਪੀਣ ਤੋਂ ਬਾਅਦ ਉਹ ਸੌਂ ਗਿਆ, ਪਰ ਸਵੇਰੇ ਉਹ ਉਠ ਨਾ ਸਕਿਆ।
ਦੂਜੇ ਪਾਸੇ ਬੇਗੂਸਰਾਏ ਦੇ ਬਖਰੀ ਥਾਣਾ ਖੇਤਰ ਦੇ ਪਿੰਡ ਗੋਡੀਯਾਰੀ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੇ ਮੰਗਲਵਾਰ ਦੁਪਹਿਰ ਨੂੰ ਦੇਸੀ ਸ਼ਰਾਬ ਪੀਤੀ ਸੀ। ਘਰ ਆਉਂਦੇ ਹੀ ਤਿੰਨਾਂ ਦੀ ਸਿਹਤ ਵਿਗੜਨ ਲੱਗੀ। ਜਦੋਂ ਤਕ ਘਰ ਵਾਲਿਆਂ ਨੂੰ ਕੁਝ ਸਮਝ ਆਉਂਦਾ, ਤਿੰਨਾਂ ਵਿੱਚੋਂ ਇੱਕ ਦੀ ਘਰ ‘ਚ ਮੌਤ ਹੋ ਗਈ ਅਤੇ ਦੂਜਾ ਹਸਪਤਾਲ ਜਾਂਦੇ ਸਮੇਂ ਦਮ ਤੋੜ ਗਿਆ। ਤੀਜੇ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਨਵਾਦਾ ‘ਚ ਮਰਨ ਵਾਲਿਆਂ ਦੀ ਪਛਾਣ ਭਾਦੌਨੀ ਪੰਚਾਇਤ ਦੇ ਗੋਂਦਾਪੁਰ ਅਤੇ ਖਰੀਦੀ ਬਿਗਰਾ ਵਾਸੀ ਅਜੇ ਯਾਦਵ, ਰਾਮਦੇਵ ਯਾਦਵ, ਲੋਹਾ ਸਿੰਘ, ਸ਼ਕਤੀ ਸਿੰਘ, ਸ਼ੈਲੇਂਦਰ ਯਾਦਵ ਅਤੇ ਪ੍ਰਭਾਕਰ ਕੁਮਾਰ ਗੁਪਤਾ, ਦੇ ਵਸਨੀਕ ਅਤੇ ਭੀ ਬਿਘੇ ਵਜੋਂ ਹੋਈ ਹੈ। ਬੇਗੁਸਾਰਏ ‘ਚ ਮ੍ਰਿਤਕਾਂ ਦੀ ਪਛਾਣ ਰਾਜਕੁਮਾਰ ਸਾਹਨੀ (22) ਅਤੇ ਸਕਲਦੇਵ ਚੌਧਰੀ (38) ਵਜੋਂ ਹੋਈ ਹੈ।