Home ਤਾਜ਼ਾ ਖਬਰਾਂ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਕਈ ਇਲਾਕਿਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ

ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਕਈ ਇਲਾਕਿਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ

0
ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਕਈ ਇਲਾਕਿਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ

ਟੋਕੀਓ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਜਾਪਾਨ ‘ਚ ਰਾਜਧਾਨੀ ਟੋਕੀਓ ਨੇੜੇ ਸ਼ਨਿੱਚਰਵਾਰ ਨੂੰ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਦੀ ਤੀਬਰਤਾ ਰਿਕਰਟ ਪੈਮਾਨੇ ‘ਤੇ 6.8 ਮਾਪੀ ਗਈ। ਭੂਚਾਲ ਤੋਂ ਬਾਅਦ ਤਟੀ ਇਲਾਕਿਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਯੂਐਸਜੀਐਸ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਜਾਪਾਨ ਦੇ ਇਸ਼ਿਨੋਮਾਕੀ ਤੋਂ 34 ਕਿਲੋਮੀਟਰ ਪੂਰਬ ਅਤੇ 60 ਕਿਲੋਮੀਟਰ ਡੂੰਘਾਈ ‘ਚ ਸੀ।
ਜਾਪਾਨ ਦੇ ਮੌਸਮ ਵਿਭਾਗ ਨੇ ਇਕ ਮੀਟਰ ਉੱਚੀਆਂ ਲਹਿਰਾਂ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਭੂਚਾਲ ਨੇ ਮਿਆਗੀ ਸੂਬੇ ਦੇ ਕਈ ਇਲਾਕਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਇੱਥੇ ਜਾਪਾਨ ਦਾ ਇਕ ਪ੍ਰਮਾਣੂ ਊਰਜਾ ਪਲਾਂਟ ਵੀ ਹੈ, ਜੋ ਇਸ ਸਮੇਂ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਪਿਛਲੇ ਮਹੀਨੇ ਜਾਪਾਨ ਦੇ ਪੂਰਬੀ ਸਮੁੰਦਰੀ ਤੱਟ ‘ਤੇ 7.1 ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਸਮੇਂ ਸੁਨਾਮੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ।
ਸਥਾਨਕ ਟੀ.ਵੀ. ਚੈਨਲ ਐਨਐਚਕੇ ਅਨੁਸਾਰ ਭੂਚਾਲ ਆਉਣ ਤੋਂ ਤੁਰੰਤ ਬਾਅਦ ਸੁਨਾਮੀ ਦੀ ਪਹਿਲੀ ਲਹਿਰ ਲਗਭਗ 1 ਮੀਟਰ (3.2 ਫੁੱਟ) ਤਕ ਉੱਪਰ ਉਠੀ ਅਤੇ ਸਮੁੰਦਰੀ ਕੰਢੇ ਨਾਲ ਟਕਰਾਈ। ਏਐਫਪੀ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਭਗ 6.09 ਵਜੇ ਆਇਆ। ਭੂਚਾਲ ਤੋਂ ਬਾਅਦ ਪ੍ਰਮਾਣੂ ਪਲਾਂਟਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਸਥਾਨਕ ਰੇਲਵੇ ਨੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ, ਜਿਨ੍ਹਾਂ ‘ਚ ਸ਼ਿੰਕਾਨਸੇਨ ਬੁਲਟ ਟਰੇਨ ਸੇਵਾ ਸ਼ਾਮਲ ਹੈ।
ਦੱਸ ਦੇਈਏ ਕਿ ਲਗਭਗ 10 ਸਾਲ ਪਹਿਲਾਂ 11 ਮਾਰਚ 2011 ਨੂੰ ਜਾਪਾਨ ‘ਚ 9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਆਈ ਸੀ। ਸੁਨਾਮੀ ਨੇ ਕਈ ਜਾਨਾਂ ਲੈ ਲਈਆਂ ਸਨ। ਰਿਪੋਰਟਾਂ ਅਨੁਸਾਰ ਸੁਨਾਮੀ ਦੀ ਚਿਤਾਵਨੀ ਜਾਰੀ ਹੋਣ ਤੋਂ ਬਾਅਦ ਤੱਟਵਰਤੀ ਇਲਾਕਿਆਂ ‘ਚ ਰਹਿਣ ਵਾਲੇ ਲੋਕ ਉੱਚੀਆਂ ਥਾਵਾਂ ‘ਤੇ ਚਲੇ ਗਏ ਹਨ।

5 ਮਾਰਚ ਨੂੰ 8.1 ਤੀਬਰਤਾ ਦਾ ਭੂਚਾਲ ਆਇਆ ਸੀ
ਇਸ ਤੋਂ ਪਹਿਲਾਂ 5 ਮਾਰਚ ਨੂੰ ਨਿਊਜ਼ੀਲੈਂਡ ਦੇ ਉੱਤਰ-ਪੂਰਬੀ ਤੱਟ ‘ਤੇ 8.1 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਬਾਅਦ ਇਸ ਖੇਤਰ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਭੂਚਾਲ ਉੱਤਰੀ ਆਈਸਲੈਂਡ ਨੇੜੇ ਕੇਰਮਾਡੇਕ ਟਾਪੂ ‘ਤੇ ਆਇਆ ਸੀ।

ਸੁਨਾਮੀ ਕੀ ਹੈ?
ਸੁਨਾਮੀ ਇਕ ਜਾਪਾਨੀ ਸ਼ਬਦ ਹੈ, ਜੋ ਸੁ ਅਤੇ ਨਾਮੀ ਤੋਂ ਮਿਲ ਕੇ ਬਣਿਆ ਹੈ। ਸੁ ਦਾ ਮਤਲਬ ਹੈ ਸਮੁੰਦਰ ਦਾ ਕਿਨਾਰਾ ਅਤੇ ਨਾਮੀ ਦਾ ਮਤਲਬ ਹੈ ਲਹਿਰਾਂ। ਸਮੁੰਦਰ ਦੇ ਅੰਦਰ ਅਚਾਨਕ ਜਦੋਂ ਬਹੁਤ ਤੇਜ਼ੀ ਨਾਲ ਹਲਚਲ ਹੋਣ ਲੱਗਦੀ ਹੈ ਤਾਂ ਉਸ ‘ਚ ਉਫ਼ਾਨ ਉਠਦਾ ਹੈ, ਜਿਸ ਕਾਰਨ ਲੰਬੀਆਂ ਅਤੇ ਬਹੁਤ ਉੱਚੀਆਂ ਲਹਿਰਾਂ ਦਾ ਉਛਾਲ ਉਠਣਾ ਸ਼ੁਰੂ ਹੋ ਜਾਂਦਾ ਹੈ, ਜੋ ਜ਼ਬਰਦਸਤ ਵਹਾਅ ਨਾਲ ਅੱਗੇ ਵਧਦਾ ਹੈ। ਇਨ੍ਹਾਂ ਲਹਿਰਾਂ ਦੇ ਉਛਾਲ ਨੂੰ ਹੀ ਸੁਨਾਮੀ ਕਹਿੰਦੇ ਹਨ। ਸੁਨਾਮੀ ਲਹਿਰਾਂ ਦੇ ਪਿਛੇ ਉਂਝ ਤਾਂ ਕਈ ਕਾਰਨ ਹੁੰਦੇ ਹਨ ਪਰ ਸਭ ਤੋਂ ਜ਼ਿਆਦਾ ਅਸਰਦਾਰ ਕਾਰਨ ਭੂਚਾਲ ਹੈ। ਇਸ ਤੋਂ ਇਲਾਵਾ ਜ਼ਮੀਨ ਧੱਸਣ, ਜਵਾਲਾਮੁਖੀ ਫੱਟਣ ਅਤੇ ਕਿਸੇ ਤਰ੍ਹਾਂ ਦਾ ਧਮਾਕਾ ਹੋਣ ਕਾਰਨ ਸੁਨਾਮੀ ਦੀਆਂ ਲਹਿਰਾਂ ਉਠਦੀਆਂ ਹਨ।