ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਕਰਨਗੇ ਭਾਰਤ ਦਾ ਦੌਰਾ

ਟੋਕੀਓ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਪ੍ਰੈਲ ਦੇ ਅਖੀਰ ਜਾਂ ਮਈ ‘ਚ ਭਾਰਤ ਦਾ ਦੌਰਾ ਕਰ ਸਕਦੇ ਹਨ। ਭਾਰਤ-ਪ੍ਰਸ਼ਾਂਤ ਖੇਤਰ ‘ਚ ਚੀਨ ਦੀ ਲਗਾਤਾਰ ਵੱਧ ਰਹੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਇਸ ਖੇਤਰ ‘ਚ ਭਾਰਤ-ਜਾਪਾਨ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਦੌਰਾ ਕਾਫ਼ੀ ਅਹਿਮ ਹੋਵੇਗਾ।

Video Ad

ਪਿਛਲੇ ਸਾਲ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਹ ਕਿਸੇ ਜਾਪਾਨੀ ਆਗੂ ਦਾ ਪਹਿਲਾ ਭਾਰਤ ਦੌਰਾ ਹੋਵੇਗਾ। ਦਸੰਬਰ 2019 ‘ਚ ਜਾਪਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਗੁਹਾਟੀ ‘ਚ ਮੁਲਾਕਾਤ ਹੋਣੀ ਸੀ, ਪਰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਇਹ ਮੀਟਿੰਗ ਰੱਦ ਹੋ ਗਈ ਸੀ। ਉਸ ਤੋਂ ਬਾਅਦ ਜਾਪਾਨੀ ਆਗੂ ਦਾ ਇਹ ਪਹਿਲਾ ਭਾਰਤੀ ਦੌਰਾ ਹੋਵੇਗਾ।

ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਸ਼ੀਹਿਦਾ ਸੁਗਾ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਦੋਵਾਂ ਨੇ ਦੱਖਣੀ ਚੀਨ ਸਾਗਰ ‘ਚ ਚੀਨ ਦੇ ਹਾਲ ਹੀ ‘ਚ ਪਾਸ ਤੱਟ ਰੱਖਿਅਕ ਕਾਨੂੰਨ ਅਤੇ ਹਾਂਗਕਾਂਗ ਦੇ ਹਾਲਾਤ ‘ਚ ਬਦਲਾਅ ਲਈ ਇਕਤਰਫਾ ਯਤਨਾਂ ‘ਤੇ ਚਿੰਤਾ ਪ੍ਰਗਟਾਈ ਸੀ। ਦੋਵਾਂ ਦਰਮਿਆਨ ਲਗਭਗ 20 ਮਿੰਟ ਤਕ ਗੱਲਬਾਤ ਹੋਈ ਸੀ।

ਗੱਲਬਾਤ ‘ਚ ਦੋਵੇਂ ਪ੍ਰਧਾਨ ਮੰਤਰੀ ਜਾਪਾਨ-ਭਾਰਤ ਦੋ-ਪੱਖੀ ਸਹਿਯੋਗ ਅਤੇ ਜਾਪਾਨ-ਆਸਟ੍ਰੇਲੀਆ-ਭਾਰਤ-ਅਮਰੀਕਾ ਚਹੁੰਪੱਖੀ ਸਹਿਯੋਗ ਦੋਵਾਂ ਨੂੰ ਲਗਾਤਾਰ ਅੱਗੇ ਵਧਾਉਣ ‘ਤੇ ਸਹਿਮਤ ਹੋਏ ਸਨ। ਦੋਵਾਂ ਨੇ ਜਾਪਾਨ-ਭਾਰਤ ਸਬੰਧਾਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਫ਼ੈਸਲਾ ਕੀਤਾ ਸੀ ਕਿ ਉਹ ਸੁਰੱਖਿਆ ਤੇ ਰੱਖਿਆ, ਡਿਜੀਟਲ ਖੇਤਰਾਂ ਦੇ ਆਦਾਨ-ਪ੍ਰਦਾਨ ਸਮੇਤ ਆਰਥਿਕ ਸਬੰਧਾਂ ‘ਚ ਸਹਿਯੋਗ ਰਾਹੀਂ ਜਾਪਾਨ ਭਾਰਤ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਪੱਧਰੀ ਸਾਂਝੇਦਾਰੀ ਨੂੰ ਪੂਰਾ ਕਰਨ ਲਈ ਆਪਣਾ ਯਤਨ ਜਾਰੀ ਰੱਖਣਗੇ।

ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਤੇ ਜਾਪਾਨ ਦੇ ਵਿੱਦਿਅਕ ਅਤੇ ਖੋਜ ਸਹਿਯੋਗ ਤੇ ਆਪਸੀ ਵਟਾਂਦਰੇ ਨਾਲ ਸਬੰਧਤ ਸਮਝੌਤੇ ਬਾਰੇ ਦੱਸਿਆ ਗਿਆ, ਜਿਸ ਅਧੀਨ ਦੋਵੇਂ ਦੇਸ਼ ਵਾਯੂਮੰਡਲ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰਾਂ, ਤਾਲਮੇਲ ਵਿਗਿਆਨਿਕ ਪ੍ਰਯੋਗਾਂ ਨਾਲ ਜੁੜੇ ਖੇਤਰਾਂ ’ਚ ਸਹਿਯੋਗ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਦਿੱਤੀ ਗਈ।

Video Ad