ਜਾਵੇਦ ਅਖ਼ਤਰ ਦੇ ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਜ਼ਮਾਨਤ ਮਿਲੀ

ਮੁੰਬਈ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਜਾਵੇਦ ਅਖ਼ਤਰ ਦੇ ਮਾਣਹਾਨੀ ਕੇਸ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀਰਵਾਰ ਨੂੰ ਮੁੰਬਈ ਦੀ ਅੰਧੇਰੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਕੰਗਨਾ ਨੇ ਜ਼ਮਾਨਤ ਵਾਰੰਟ ਰੱਦ ਕਰਨ ਲਈ ਅਦਾਲਤ ‘ਚ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਜਾਵੇਦ ਅਖਤਰ ਦੀ ਤਰਫ਼ੋਂ ਦਾਇਰ ਕੀਤੇ ਮਾਣਹਾਨੀ ਕੇਸ ‘ਚ ਕੰਗਨਾ ਨੂੰ ਮੁੰਬਈ ਦੀ ਅਦਾਲਤ ਨੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਜਦੋਂ ਕੰਗਣਾ ਅਦਾਲਤ ‘ਚ ਪੇਸ਼ ਨਹੀਂ ਹੋਈ ਤਾਂ ਉਸ ਦੇ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਕੰਗਨਾ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ – “ਗਿੱਦੜ ਦਾ ਇਕ ਝੁੰਡ ਅਤੇ ਇਕ ਸ਼ੇਰਨੀ।”
ਦਰਅਸਲ, ਜਾਵੇਦ ਅਖਤਰ ਦੀ ਅਪੀਲ ‘ਤੇ ਮੁੰਬਈ ਦੀ ਅਦਾਲਤ ਨੇ ਕੰਗਨਾ ਦੇ ਵਿਰੁੱਧ ਸੰਮਨ ਜਾਰੀ ਕੀਤਾ ਸੀ। ਮੁੰਬਈ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਜਾਵੇਦ ਅਖਤਰ ਦੀ ਸ਼ਿਕਾਇਤ ਦੇ ਅਧਾਰ ‘ਤੇ ਕੰਗਨਾ ਵਿਰੁੱਧ ਮਾਣਹਾਨੀ ਦਾ ਕੇਸ ਬਣਦਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਫਿਰ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਜੁਹੂ ਪੁਲਿਸ ਨੂੰ ਦਸੰਬਰ 2020 ‘ਚ ਜਾਂਚ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਜੁਹੂ ਪੁਲਿਸ ਨੂੰ ਨਵੰਬਰ ‘ਚ ਜਾਵੇਦ ਅਖਤਰ ਵੱਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ 16 ਜਨਵਰੀ ਤਕ ਆਪਣੀ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ।
ਜਾਵੇਦ ਅਖਤਰ ਨੇ 2 ਨਵੰਬਰ ਨੂੰ ਆਪਣੇ ਵਕੀਲ ਨਿਰੰਜਨ ਮੁੰਦਰਗੀ ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ। ਇਸ ‘ਚ ਉਨ੍ਹਾਂ ਨੇ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦਾ ਦੋਸ਼ ਲਾਇਆ ਸੀ। ਅਖਤਰ ਨੇ ਕਿਹਾ ਸੀ ਕਿ ਕੰਗਨਾ ਨੇ ਇਕ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ‘ਤੇ ਝੂਠਾ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ (ਅਖਤਰ) ਰਿਤਿਕ ਰੌਸ਼ਨ ਵਿਰੁੱਧ ਦਾਇਰ ਕੀਤੇ ਕੇਸ ਵਾਪਸ ਲੈਣ ਲਈ ਕੰਗਨਾ ਨੂੰ ਧਮਕੀ ਦਿੱਤੀ ਸੀ।
ਅਖਤਰ ਨੇ ਆਪਣੀ ਸ਼ਿਕਾਇਤ ‘ਚ ਕਿਹਾ ਸੀ ਕਿ ਕੰਗਨਾ ਨੇ ਇੰਟਰਵਿਊ ‘ਚ ਉਨ੍ਹਾਂ ਨੂੰ ਸੁਸਾਇਡ ਗੈਂਗ ਦਾ ਹਿੱਸਾ ਦੱਸਿਆ ਸੀ। ਕੰਗਨਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਅਖ਼ਤਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਰਿਤਿਕ ਵਿਰੁੱਧ ਕੇਸ ਵਾਪਸ ਨਹੀਂ ਲਿਆ ਤਾਂ ਉਸ ਕੋਲ ਖ਼ੁਦਕੁਸ਼ੀ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚੇਗਾ।

Video Ad
Video Ad