ਜਿਓ ਟਾਵਰਾਂ ’ਚ ਭੰਨਤੋੜ ਦਾ ਮਾਮਲਾ : 12 ਐਫਆਈਆਰ ਤੇ 273 ਡੀਡੀਆਰ ਦਰਜ

ਚੰਡੀਗੜ੍ਹ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਜਿਓ ਦੇ ਟਾਵਰਾਂ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਨੂੰ ਲੈ ਕੇ ਰਿਲਾਇੰਸ ਨੇ ਹਾਈਕੋਰਟ ਵਿੱਚ ਜੋ ਪਟੀਸ਼ਨ ਦਾਖ਼ਲ ਕੀਤੀ ਹੈ, ਉਸ ’ਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੰਦੇ ਹੋਏ ਹਾਈਕੋਰਟ ਨੂੰ ਦੱਸਿਆ ਹੈ ਕਿ ਪੁਲਿਸ ਨੇ 12 ਐਫਆਈਆਰ ਅਤੇ 273 ਡੀਡੀਆਰ ਕਰਕੇ ਕਾਰਵਾਈ ਕਰ ਦਿੱਤੀ ਹੈ ਅਤੇ ਕੰਪਨੀ ਦੇ ਲਗਭਗ ਸਾਰੇ ਟਾਵਰ ਅਪ੍ਰੇਸ਼ਨਲ ਹੋ ਚੁੱਕੇ ਹਨ।
ਪੰਜਾਬ ਸਰਕਾਰ ਵੱਲੋਂ ਆਈਜੀ (ਕਾਨੂੰਨ ਵਿਵਸਥਾ) ਏਕੇ ਪਾਂਡੇ ਨੇ ਇਹ ਜਾਣਕਾਰੀ ਹਾਈਕੋਰਟ ਨੂੰ ਦਿੱਤੀ ਹੈ ਅਤੇ ਦੱਸਿਆ ਹੈ ਕਿ ਸੂਬੇ ਵਿੱਚ ਮੋਬਾਇਲ ਕੰਪਨੀਆਂ ਦੇ 21 ਹਜ਼ਾਰ 306 ਟਾਵਰ ਹਨ। ਇਨ੍ਹਾਂ ਵਿੱਚੋਂ 4850 ਟਾਵਰ ਰਿਲਾਇੰਸ ਜਿਓ ਦੇ ਹਨ ਅਤੇ 4050 ਹੋਰ ਟਾਵਰਾਂ ’ਤੇ ਉਨ੍ਹਾਂ ਐਂਟੀਨਾ ਹਨ। ਇਸ ਤਰ੍ਹਾਂ ਕੰਪਨੀ ਦੇ ਕੁੱਲ 8900 ਟਾਵਰਾਂ ਵਿੱਚੋਂ 803 ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਦੇ ਚਲਦਿਆਂ ਹੋਰ 688 ਟਾਵਰ ਵੀ ਪ੍ਰਭਾਵਿਤ ਹੋਏ ਸਨ। ਇਸ ਤਰ੍ਹਾਂ 1491 ਮੋਬਾਇਲ ਟਾਵਰ ਕੁਝ ਸਮੇਂ ਲਈ ਪ੍ਰਭਾਵਿਤ ਹੋਏ ਸਨ, ਪਰ ਹੁਣ ਇਨ੍ਹਾਂ ਵਿੱਚੋਂ ਲਗਭਗ ਸਾਰੇ ਅਪ੍ਰੇਸ਼ਨਲ ਹੋ ਚੁੱਕੇ ਹਨ।
ਪੰਜਾਬ ਪੁਲਿਸ ਨੂੰ ਜਿਵੇਂ ਹੀ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਸੂਚਨਾ ਮਿਲੀ ਤਾਂ ਤਤਕਾਲ ਕਾਰਵਾਈ ਕਰ ਦਿੱਤੀ ਗਈ। ਹਾਈਕੋਰਟ ਨੇ ਇਸ ਜਾਣਕਾਰੀ ਨੂੰ ਰਿਕਾਰਡ ਵਿੱਚ ਲੈਂਦੇ ਹੋਏ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦਾਖ਼ਲ ਪਟੀਸ਼ਨ ਵਿੱਚ ਰਿਲਾਇੰਸ ਇੰਡਸਟਰੀ ਲਿਮਟਡ ਵੱਲੋਂ ਹਾਈਕੋਰਟ ਨੂੰ ਦੱਸਿਆ ਗਿਆ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੀ ਕੰਪਨੀ ਵਿਰੁੱਧ ਭੜਕਾਊ ਪ੍ਰਚਾਰ ਕਰਕੇ ਸ਼ਰਾਰਤੀ ਅਨਸਰ ਉਨ੍ਹਾਂ ਦਾ ਅਕਸ ਖਰਾਬ ਕਰ ਰਹੇ ਹਨ। ਟਾਵਰਾਂ ’ਤੇ ਤੋੜਭੰਨ ਕੀਤੀ ਜਾ ਰਹੀ ਹੈ, ਜਿਸ ’ਤੇ ਰੋਕ ਲਾਏ ਜਾਣ ਦੀ ਹਾਈਕੋਰਟ ਕੋਲੋਂ ਮੰਗ ਕੀਤੀ ਗਈ ਹੈ।
ਪਟੀਸ਼ਨ ਵਿੱਚ ਦੱਸਿਆ ਗਿਆ ਕਿ ਤੋੜਭੰਨ ਅਤੇ ਹਿੰਸਕ ਕਾਰਵਾਈ ਕਾਰਨ ਕੰਪਨੀ ਦੇ ਹਜ਼ਾਰਾਂ ਕਰਮਚਾਰੀਆਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਗਈ ਹੈ। ਕੰਪਨੀ ਨੇ ਪੰਜਾਬ ਦੇ ਮੁੱਖ ਮੰਤਰੀ ਸਣੇ ਮੁੱਖ ਸਕੱਤਰ, ਡੀਜੀਪੀ, ਸਾਰੇ ਜ਼ਿਲਿ੍ਹਆਂ ਦੇ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਉਸ ਦੀ ਸੰਪੱਤੀ ਦੀ ਸੁਰੱਖਿਆ ਦੀ ਮੰਗ ਕੀਤੀ ਸੀ ਤਾਂ ਜੋ ਉਹ ਪੰਜਾਬ ਅਤੇ ਹਰਿਆਣਾ ਵਿੱਚ ਆਪਣੇ ਸਾਰੇ ਕਾਰੋਬਾਰਾਂ ਨੂੰ ਸਹੀ ਤਰ੍ਹਾਂ ਚਲਾ ਸਕਣ।

Video Ad
Video Ad