ਜੇ ਅਸਾਮ ‘ਚ ਕਾਂਗਰਸ ਸਰਕਾਰ ਬਣੀ ਤਾਂ ਘੁਸਪੈਠ ਦੀਆਂ ਘਟਨਾਵਾਂ ਵੱਧ ਜਾਣਗੀਆਂ : ਅਮਿਤ ਸ਼ਾਹ

ਦਿਸਪੁਰ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਸਾਮ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਅਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਰੈਲੀ ਕੀਤੀ। ਸ਼ਾਹ ਨੇ ਧੇਮਾਜੀ ਜ਼ਿਲ੍ਹੇ ‘ਚ ਰੈਲੀ ਕਰਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਬਾਨੰਦ ਸੋਨੇਵਾਲ ਸਰਕਾਰ ਨੇ ਅਸਾਮ ਦੇ ਵਿਕਾਸ ਲਈ ਕੰਮ ਕੀਤਾ, ਪਰ ਕਾਂਗਰਸ ਨੇ ਇੱਥੇ ਬਦਰੂਦੀਨ ਅਜਮਲ (ਏਆਈਯੂਡੀਐਫ) ਦੇ ਨਾਲ ਚੋਣ ਲੜੀ। ਜੇ ਇਹ ਗੱਠਜੋੜ ਸੱਤਾ ‘ਚ ਆਉਂਦਾ ਹੈ ਤਾਂ ਅਸਾਮ ‘ਚ ਘੁਸਪੈਠ ਦੀਆਂ ਘਟਨਾਵਾਂ ਵਧਣਗੀਆਂ। ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਬਦਰੂਦੀਨ ਅਜ਼ਮਲ ਨਾਲ ਚੋਣ ਲੜ ਰਹੇ ਹਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਤੋਂ ਸੈਲਾਨੀ ਕਾਜ਼ੀਰੰਗਾ ਆ ਸਕਦੇ ਹਨ, ਪਰ ਬਦਰੂਦੀਨ ਅਜ਼ਮਲ ਦੇ ਘੁਸਪੈਠੀਆਂ ਨੇ ਉੱਥੇ ਕਬਜ਼ਾ ਜਮਾਇਆ ਹੋਇਆ ਸੀ। ਭਾਜਪਾ ਸਰਕਾਰ ਬਣਨ ਤੋਂ ਬਾਅਦ ਦੋ ਦਿਨ ਅੰਦਰ ਘੁਸਪੈਠੀਆਂ ਨੂੰ ਬਾਹਰ ਕਰ ਦਿੱਤਾ ਗਿਆ।
ਅਮਿਤ ਸ਼ਾਹ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, “ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਕ ਪਾਸੇ ਕਾਂਗਰਸ ਅਸਾਮ ਦੀ ਪਛਾਣ ਬਚਾਉਣ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਉਹ ਵਿਅਕਤੀ ਦੀ ਪਾਰਟੀ ਨਾਲ ਚੋਣ ਲੜ ਰਹੇ ਹਨ, ਜੋ ਇੱਥੇ ਘੁਸਪੈਠ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਕਾਂਗਰਸ ਨੂੰ ਇਹ ਸਵਾਲ ਪੁੱਛਿਆ ਕਿ ਅਸਮ ਦੀ ਪਛਾਣ ਕਿਵੇਂ ਬਚੇਗੀ?
ਅਮਿਤ ਸ਼ਾਹ ਨੇ ਪਿਛਲੇ 5 ਸਾਲ ‘ਚ ਸੂਬੇ ‘ਚ ਭਾਜਪਾ ਗਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ 5 ਸਾਲਾਂ ‘ਚ ਅਸਾਮ ‘ਚ ਕੋਈ ਅੰਦੋਲਨ ਨਹੀਂ ਹੋਇਆ। ਇੱਥੇ ਗੋਲੀ ਲੱਗਣ ਨਾਲ ਕੋਈ ਨਹੀਂ ਮਰਦਾ। ਇਥੇ ਅੱਤਵਾਦ ਖ਼ਤਮ ਕਰ ਦਿੱਤਾ ਗਿਆ ਹੈ। ਬੋਡੋਲੈਂਡ ਦੇ ਮੁੱਦੇ ਨੂੰ ਹੱਲ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਅਧੀਨ ਬੋਡੋਲੈਂਡ ਅੰਦੋਲਨ ਦੌਰਾਨ 2155 ਲੋਕ ਅਤੇ 2084 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। 1300 ਲੋਕ ਅਗਵਾ ਕੀਤੇ ਗਏ ਸਨ। ਜਦੋਂ ਭਾਜਪਾ ਆਈ ਤਾਂ ਬੋਡੋ ਅੰਦੋਲਨ ਨੂੰ ਸਮਝੌਤੇ ‘ਚ ਬਦਲ ਦਿੱਤਾ ਗਿਆ।

Video Ad
Video Ad