ਜੇ ਭਾਜਪਾ ਲੰਬੇ ਸਮੇਂ ਤਕ ਸੱਤਾ ‘ਚ ਰਹੀ, ਤਾਂ ਉਹ ਦੇਸ਼ ਨੂੰ ਵੀ ਵੇਚ ਦੇਵੇਗੀ : ਮਮਤਾ ਬੈਨਰਜੀ

ਕੋਲਕਾਤਾ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਸੱਤਾ ‘ਚ ਤੀਜੀ ਵਾਰ ਵਾਪਸੀ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਪੂਰਾ ਜ਼ੋਰ ਲਗਾ ਰਹੇ ਹਨ। ਸਨਿੱਚਰਵਾਰ ਨੂੰ ਹਲਦੀਆ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਲੈ ਕੇ ਬੈਂਕ ਬੰਦੀ ਤਕ, ਮੋਦੀ ਨੇ ਦੇਸ਼ ਦੇ ਅਰਥਚਾਰੇ ਨੂੰ ਬਰਬਾਦ ਕਰ ਦਿੱਤਾ ਹੈ। ਛੇਤੀ ਹੀ ਉਹ ਹਲਦੀਆ ਬੰਦਰਗਾਹ ਨੂੰ ਵੀ ਵੇਚਣ ਦੀ ਗੱਲ ਕਰਨਗੇ।
ਮਮਤਾ ਬੈਨਰਜੀ ਨੇ ਕਿਹਾ, “ਮੋਦੀ ਸਰਕਾਰ ਸਰਕਾਰੀ ਕੰਪਨੀਆਂ ਨੂੰ ਵੇਚਣ ‘ਚ ਲੱਗੀ ਹੋਈ ਹੈ। ਭਾਜਪਾ ਸਿਰਫ਼ ਆਪਣੇ ਹੀ ਭਲੇ ਬਾਰੇ ਸੋਚਦੀ ਹੈ, ਦੇਸ਼ ਬਾਰੇ ਨਹੀਂ। ਅਸੀਂ ਸੀਏਏ ਅਤੇ ਐਨਆਰਸੀ ਨੂੰ ਬੰਗਾਲ ‘ਚ ਲਾਗੂ ਨਹੀਂ ਹੋਣ ਦਿਆਂਗੇ। ਬੰਗਾਲ ‘ਚ ਭਾਜਪਾ ਦੀ ਹਾਰ ਨਿਸ਼ਚਿਤ ਹੈ। ”
ਮਮਤਾ ਨੇ ਕਿਹਾ, “ਭਾਜਪਾ ਸਿਰਫ਼ ਝੂਠੇ ਵਾਅਦੇ ਕਰਦੀ ਹੈ। ਜਿੱਥੇ ਚੋਣਾਂ ਹੁੰਦੀਆਂ ਹਨ, ਉੱਥੇ ਭਾਜਪਾ ਝੂਠੇ ਵਾਅਦੇ ਕਰਕੇ ਚੋਣਾਂ ਜਿੱਤ ਜਾਂਦੀ ਹੈ। ਜੇ ਕੋਈ 500 ਰੁਪਏ ਕਮਾਉਂਦਾ ਹੈ ਤਾਂ ਉਸ ਨੂੰ ਤੋਲਾਬਾਜ਼ ਕਿਹਾ ਜਾਂਦਾ ਹੈ। ਉਸ ਭਾਜਪਾ ਸਰਕਾਰ ਨੂੰ ਕੀ ਕਹਾਂਗੇ, ਜਿਸ ਨੇ ਕਰੋੜਾਂ ਰੁਪਏ ਚੋਰੀ ਕੀਤੇ।”
ਮਮਤਾ ਬੈਨਰਜੀ ਨੇ ਕਿਹਾ, “ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਤੋਲਾਬਾਜ਼ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਤਹਿਤ ਕਿੰਨੇ ਪੈਸੇ ਇਕੱਤਰ ਕੀਤੇ। ਜੇ ਬੰਗਾਲ ਦੇ ਲੋਕ ਦੰਗਾ ਮੁਕਤ ਸੂਬਾ ਚਾਹੁੰਦੇ ਹਨ ਤਾਂ ਟੀਐਮਸੀ ਹੀ ਇਕੋ-ਇਕ ਵਿਕਲਪ ਹੈ। ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਲੁਟੇਰੀ ਪਾਰਟੀ ਹੈ। ਅਜਿਹੀ ਲੋਟੂ ਪਾਰਟੀ ਨੂੰ ਸੱਤਾ ‘ਚ ਨਹੀਂ ਆਉਣ ਦੇਣਾ ਚਾਹੀਦਾ। ਭਾਜਪਾ ਕੋਲ ਐਨਪੀਆਰ ਅਤੇ ਐਨਆਰਸੀ ਕਾਰਡ ਹਨ। ਜੇ ਤੁਸੀਂ ਆਪਣੇ ਪਿੰਡ ‘ਚ ਨਹੀਂ ਰਹਿੰਦੇ ਤਾਂ ਪਰਿਵਾਰ ਦਾ ਨਾਮ ਹਟਾ ਦਿੱਤਾ ਜਾਵੇਗਾ। ਦੇਸ਼ ਦੇ ਕਈ ਸੂਬਿਆਂ ਚ ਇਸ ‘ਤੇ ਕੰਮ ਸ਼ੁਰੂ ਹੋ ਗਿਆ ਹੈ ਪਰ ਬੰਗਾਲ ‘ਚ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।”
ਮਮਤਾ ਬੈਨਰਜੀ ਨੇ ਪਨਸੁਖੀਆ ‘ਚ ਵੀ ਇਕ ਚੋਣ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਇੱਥੇ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਕੋਈ ਵਿਕਾਸ ਨਹੀਂ ਹੋਇਆ ਹੈ। ਇਸ ਲਈ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਦਿੱਲੀ ਦਾ ਕੀ ਹੋਇਆ? ਲੱਡੂ? ਮਮਤਾ ਬੈਨਰਜੀ ਨੇ ਕਿਹਾ ਕਿ ਖੇਡ ਨੂੰ ਇਸ ਤਰੀਕੇ ਨਾਲ ਖੇਡੋ ਕਿ ਭਾਜਪਾ ਦੇਸ਼ ‘ਚੋਂ ਬਾਹਰ ਹੋ ਜਾਵੇ।
ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਰੇਲ, ਬੈਂਕ ਅਤੇ ਬੀਮਾ ਕੰਪਨੀਆਂ ਵੇਚ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਨੂੰ ਬੰਗਾਲ ‘ਚੋਂ ਬਾਹਰ ਕੱਢਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਬੰਗਾਲ ‘ਚ ਹੀ ਰਹਿਣਗੇ। ਬਾਹਰੋਂ ਆਉਣ ਵਾਲੇ ਬਾਹਰੀ ਲੋਕਾਂ ਲਈ ਬੰਗਾਲ ‘ਚ ਕੋਈ ਥਾਂ ਨਹੀਂ ਹੈ।

Video Ad

ਨੀਲ ਅਤੇ ਤ੍ਰਿਨਾ ਤ੍ਰਿਣਮੂਲ ‘ਚ ਸ਼ਾਮਲ ਹੋਏ
ਵਿਧਾਨ ਸਭਾ ਚੋਣਾਂ ਲਈ ਜਿੱਥੇ ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਦਾ ਤਾਬੜਤੋੜ ਚੋਣ ਪ੍ਰਚਾਰ ਜਾਰੀ ਹੈ, ਉੱਥੇ ਹੀ ਸਿਆਸੀ ਪਾਰਟੀਆਂ ‘ਚ ਕਲਾਕਾਰਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਖ਼ਤਮ ਨਹੀਂ ਹੋ ਰਹੀ। ਇਸ ਤਰਤੀਬ ‘ਚ ਬੰਗਾਲੀ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਕਲਾਕਾਰ ਨੀਲ ਭੱਟਾਚਾਰੀਆ ਅਤੇ ਤ੍ਰਿਨਾ ਭੱਟਾਚਾਰੀਆ ਵੀ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ। ਪਾਰਟੀ ਦੇ ਸੱਕਤਰ ਜਨਰਲ ਪਾਰਥ ਚੈਟਰਜੀ ਨੇ ਸਨਿੱਚਰਵਾਰ ਨੂੰ ਤ੍ਰਿਣਮੂਲ ਭਵਨ ਵਿਖੇ ਇਕ ਸਮਾਰੋਹ ‘ਚ ਤ੍ਰਿਣਮੂਲ ਦਾ ਝੰਡਾ ਦੇ ਕੇ ਸਵਾਗਤ ਕੀਤਾ।

Video Ad