
ਵਾਸ਼ਿੰਗਟਨ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਮੈਡੀਕਲ ਉਪਕਰਨ ਬਣਾਉਣ ਵਾਲੇ ਕੰਪਨੀ ਜੌਨਸਨ ਐਂਡ ਜੌਨਸਨ ਨੇ 16-17 ਸਾਲ ਦੀ ਉਮਰ ਦੇ ਅੱਲੜਾਂ ’ਤੇ ਆਪਣੀ ਕੋਰੋਨਾ ਵੈਕਸੀਨ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਵੈਕਸੀਨ ਲਈ ਟ੍ਰਾਇਲ ’ਚ ਸ਼ਾਮਲ ਹੋਣ ਲਈ ਪਹਿਲਾਂ ਬਰਤਾਨੀਆ ਤੇ ਸਪੇਨ ਅਤੇ ਉਸ ਤੋਂ ਬਾਅਦ ਕੈਨੇਡਾ, ਅਮਰੀਕਾ ਤੇ ਨੀਦਰਲੈਂਡ ਦੇ ਅੱਲੜਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ।
ਅਮਰੀਕਾ ਦੇ ਨਿਊ ਜਰਸੀ ਸਥਿਤ ਦਵਾਈ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਏ ਵੈਕਸੀਨ ਦੇ ਅਧਿਐਨ ਵਿੱਚ ਬਾਲਗਾਂ ਦੇ ਨਾਲ ਅੱਲੜਾਂ ਨੂੰ ਵੀ ਜੋੜਿਆ ਜਾਵੇਗਾ। ਪ੍ਰੀਖਣ ਵਿੱਚ ਸ਼ਾਮਲ ਕੀਤੇ ਗਏ ਅੱਲੜ ਨੌਜਵਾਨਾਂ ਦੇ ਡਾਟਾ ਸਮੀਖਿਆ ਕਰਨ ਬਾਅਦ ਪ੍ਰੀਖਣ ਵਿੱਚ 12-15 ਸਾਲ ਦੇ ਅੱਲੜਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਵੈਕਸੀਨ ਲਈ ਟ੍ਰਾਇਲ ਵਿੱਚ ਸ਼ਾਮਲ ਹੋਣ ਵਾਸਤੇ ਪਹਿਲਾਂ ਬਰਤਾਨੀਆ ਤੇ ਸਪੇਨ ਦੇ ਨੌਜਵਾਨਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਉਸ ਤੋਂ ਬਾਅਦ ਕੈਨੇਡਾ, ਅਮਰੀਕਾ ਤੇ ਨੀਦਰਲੈਂਡਸ ਦੇ ਅੱਲੜਾਂ ਦੀ ਰਜਿਸਟਰੇਸ਼ਨ ਹੋਵੇਗੀ। ਅੰਤ ਵਿੱਚ ਬ੍ਰਾਜ਼ੀਲ ਤੇ ਅਰਜਨਟੀਨਾ ਦੇ ਅੱਲੜਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਅਧਿਐਨ ਵਿੱਚ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਦੀ ਪ੍ਰਭਾਵਕਾਰਤਾ ਦਾ ਅਧਿਐਨ ਕੀਤਾ ਜਾਵੇਗਾ। ਜੌਨਸਨ ਐਂਡ ਜੌਨਸਨ ਫਾਰਮਾਸਿਊਟੀਕਲਸ ਯੂਨਿਟ ਲਈ ਖੋਜ ਤੇ ਵਿਕਾਸ ਦੇ ਵਿਸ਼ਵ ਪ੍ਰਮੁੱਖ ਡਾ. ਮਥਾਈ ਮਾਮੇਨ ਨੇ ਕਿਹਾ ਕਿ ਵੈਕਸੀਨ ਦੇ ਪ੍ਰੀਖਣ ਨੂੰ ਵਧਾ ਕੇ ਗਰਭਵਤੀ ਔਰਤਾਂ ਅਤੇ ਬੱਚਿਆਂ ’ਤੇ ਵੀ ਕੀਤੇ ਜਾਣ ਦੀ ਉਮੀਦ ਹੈ। ਕੰਪਨੀ ਨੇ ਦੱਸਿਆ ਕਿ ਮਈ-ਜੂਨ ਦੇ ਅੰਤ ਤੱਕ ਵੈਕਸੀਨ ਦੀਆਂ 100 ਮਿਲੀਅਨ ਖੁਰਾਕਾਂ ਅਮਰੀਕਾ ਨੂੰ ਦਿੱਤੀਆਂ ਜਾਣੀਆਂ ਹਨ।