
ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਧਾਰਾ-370 ਰੱਦ ਹੋਣ ਤੋਂ ਬਾਅਦ ਹੁਣ ਤਕ 520 ਕਸ਼ਮੀਰੀ ਪਰਵਾਸੀ ਵਾਦੀ ‘ਚ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਇਸ ਸਾਲ ਲਗਭਗ 2 ਹਜ਼ਾਰ ਹੋਰ ਪਰਵਾਸੀਆਂ ਦੇ ਵਾਦੀ ‘ਚ ਪਰਤਣ ਦੀ ਉਮੀਦ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਮੁੜ ਵਸੇਬਾ ਪੈਕੇਜ਼ ਤਹਿਤ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਨੌਕਰੀਆਂ ਲਈ ਪਰਵਾਸੀ ਕਸ਼ਮੀਰ ‘ਚ ਵਾਪਸ ਆਏ ਹਨ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਰਾਜ ਸਭਾ ‘ਚ ਇਕ ਲਿਖਤੀ ਜਵਾਬ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਹੋਣ ‘ਤੇ 2000 ਪਰਵਾਸੀ ਘਾਟੀ ਆਉਣਗੇ। ਰੈੱਡੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਸ਼ਮੀਰੀ ਪਰਵਾਸੀ ਨੌਜਵਾਨਾਂ ਲਈ ਪ੍ਰਧਾਨ ਮੰਤਰੀ ਵੱਲੋਂ ਘੋਸ਼ਿਤ ਕੀਤੇ ਗਏ ਪੈਕੇਜ਼ ਤਹਿਤ ਪਰਵਾਸੀਆਂ ਨੂੰ ਦਿੱਤੀ ਜਾਣ ਵਾਲੀਆਂ ਵਿਸ਼ੇਸ਼ ਨੌਕਰੀ ਲਈ ਲਗਭਗ 3800 ਪਰਵਾਸੀ ਕਸ਼ਮੀਰ ਵਾਦੀ ‘ਚ ਪਰਤ ਆਏ ਹਨ।
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਬੀਤੇ ਦਿਨੀਂ ਬੁੱਧਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਲਗਭਗ 3800 ਕਸ਼ਮੀਰੀ ਪਰਵਾਸੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ਼ ਤਹਿਤ ਰੁਜ਼ਗਾਰ ਲਈ ਜੰਮੂ-ਕਸ਼ਮੀਰ ਵਾਪਸ ਪਰਤ ਆਏ ਹਨ। ਇਨ੍ਹਾਂ ‘ਚੋਂ 520 ਪਰਵਾਸੀ ਧਾਰਾ-370 ਖ਼ਤਮ ਹੋਣ ਤੋਂ ਬਾਅਦ ਵਾਪਸ ਪਰਤੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ਼ ਅਧੀਨ ਕਸ਼ਮੀਰੀ ਪਰਵਾਸੀ ਨੌਜਵਾਨਾਂ ਲਈ ਵਿਸ਼ੇਸ਼ ਰੁਜ਼ਗਾਰ ਦੀ ਵਿਵਸਥਾ ਉਨ੍ਹਾਂ ਦੇ ਮੁੜ ਵਸੇਬੇ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਉਹ ਪਰਵਾਸੀ ਹਨ, ਜੋ 1990 ਦੇ ਦਹਾਕੇ ‘ਚ ਅੱਤਵਾਦ ਕਾਰਨ ਘਾਟੀ ਛੱਡ ਗਏ ਸਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੇ ਸਫ਼ਲਤਾਪੂਰਵਕ ਸੰਪੰਨ ਹੋਣ ‘ਤੇ ਇਸੇ ਨੀਤੀ ਤਹਿਤ ਸਾਲ 2021 ਦੌਰਾਨ ਲਗਭਗ 2 ਹਜ਼ਾਰ ਹੋਰ ਪਰਵਾਸੀ ਨਾਗਰਿਕਾਂ ਦੇ ਸੂਬੇ ‘ਚ ਵਾਪਸ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਸਾਲ 1990 ‘ਚ ਜੰਮੂ-ਕਸ਼ਮੀਰ ਦੀ ਉਸ ਸਮੇਂ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਰਾਹਤ ਦਫ਼ਤਰ ਦੀ ਇਕ ਰਿਪੋਰਟ ਅਨੁਸਾਰ 44,167 ਕਸ਼ਮੀਰੀ ਪਰਵਾਸੀ ਪਰਿਵਾਰ ਰਜਿਸਟਰਡ ਹੋਏ ਸਨ, ਜਿਨ੍ਹਾਂ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਘਾਟੀ ਤੋਂ ਬਾਹਰ ਜਾਣਾ ਪਿਆ ਸੀ।