Home ਤਾਜ਼ਾ ਖਬਰਾਂ ਜੰਮੂ-ਕਸ਼ਮੀਰ ‘ਚ ਭਾਜਪਾ ਆਗੂ ਦੇ ਘਰ ‘ਤੇ ਅੱਤਵਾਦੀ ਹਮਲਾ, ਸੁਰੱਖਿਆ ਮੁਲਾਜ਼ਮ ਸ਼ਹੀਦ

ਜੰਮੂ-ਕਸ਼ਮੀਰ ‘ਚ ਭਾਜਪਾ ਆਗੂ ਦੇ ਘਰ ‘ਤੇ ਅੱਤਵਾਦੀ ਹਮਲਾ, ਸੁਰੱਖਿਆ ਮੁਲਾਜ਼ਮ ਸ਼ਹੀਦ

0
ਜੰਮੂ-ਕਸ਼ਮੀਰ ‘ਚ ਭਾਜਪਾ ਆਗੂ ਦੇ ਘਰ ‘ਤੇ ਅੱਤਵਾਦੀ ਹਮਲਾ, ਸੁਰੱਖਿਆ ਮੁਲਾਜ਼ਮ ਸ਼ਹੀਦ

ਸ੍ਰੀਨਗਰ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸ੍ਰੀਨਗਰ ਦੇ ਨੌਗਾਮ ‘ਚ ਭਾਜਪਾ ਆਗੂ ਅਨਵਰ ਖ਼ਾਨ ਦੇ ਘਰ ‘ਤੇ ਵੀਰਵਾਰ ਨੂੰ ਅੱਤਵਾਦੀ ਹਮਲਾ ਹੋਇਆ। ਹਮਲੇ ‘ਚ ਉੱਥੇ ਤਾਇਨਾਤ ਇਕ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਅਨਵਰ ਬਾਰਾਮੂਲਾ ਦਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਕੁਪਵਾੜਾ ਦਾ ਇੰਚਾਰਜ ਹੈ। ਇਸ ਹਮਲੇ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਖੇਤਰ ‘ਚ ਅੱਤਵਾਦੀਆਂ ਨੇ ਨਗਰ ਕੌਂਸਲ ਦੇ ਦਫ਼ਤਰ ‘ਚ ਗੋਲੀਆਂ ਚਲਾਈਆਂ ਸਨ। ਹਮਲੇ ਸਮੇਂ ਦਫ਼ਤਰ ‘ਚ ਕੌਂਸਲਰ ਮੀਟਿੰਗ ਕਰ ਰਹੇ ਸਨ। ਗੋਲੀ ਲੱਗਣ ਕਾਰਨ ਕੌਂਸਲਰ ਰਿਆਜ਼ ਅਹਿਮਦ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੌਂਸਲਰ ਸ਼ਮਸੂਦੀਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਮਲੇ ‘ਚ ਇਕ ਪੁਲਿਸ ਮੁਲਾਜ਼ਮ ਸ਼ਫ਼ਾਕਤ ਅਹਿਮਦ ਵੀ ਸ਼ਹੀਦ ਹੋ ਗਿਆ ਸੀ।
ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਘਟਨਾ ਵਾਲੀ ਥਾਂ ‘ਤੇ ਮੌਜੂਦ 4 ਪੁਲਿਸ ਮੁਲਾਜ਼ਮਾਂ (ਪੀਐਸਓ) ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਇਹ ਚਾਰੇ ਪੁਲਿਸ ਮੁਲਾਜ਼ਮ ਅੱਤਵਾਦੀਆਂ ਵਿਰੁੱਧ ਸਹੀ ਤਰੀਕੇ ਨਾਲ ਜਵਾਬੀ ਕਾਰਵਾਈ ਨਹੀਂ ਕਰ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ ਸ੍ਰੀਨਗਰ ‘ਚ ਇੱਕ ਅੱਤਵਾਦੀ ਨੇ ਪੁਲਿਸ ਪਾਰਟੀ ਉੱਤੇ ਸਰ੍ਹੇਆਮ ਗੋਲੀਆਂ ਚਲਾ ਦਿੱਤੀਆਂ ਸਨ। ਇਸ ‘ਚ 2 ਜਵਾਨ ਸ਼ਹੀਦ ਹੋ ਗਏ ਸਨ। ਇਹ ਘਟਨਾ ਬਾਗਤ ਖੇਤਰ ਦੇ ਬਰਾਜੁੱਲਾ ਵਿਖੇ ਵਾਪਰੀ ਸੀ। ਹਮਲਾ ਇਕ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ ਸੀ। ਫੁਟੇਜ਼ ‘ਚ ਨਜ਼ਰ ਆਇਆ ਸੀ ਕਿ ਇਕ ਅੱਤਵਾਦੀ ਆਪਣੇ ਕੱਪੜਿਆਂ ਅੰਦਰ ਰਾਈਫਲ ਲੁਕੋ ਕੇ ਆਇਆ ਅਤੇ ਦੁਕਾਨ ‘ਚ ਖੜ੍ਹੇ ਸਲੈਕਸ਼ਨ ਗ੍ਰੇਡ ਕਾਂਸਟੇਬਲ ਮੁਹੰਮਦ ਯੂਸੁਫ਼ ਅਤੇ ਕਾਂਸਟੇਬਲ ਸੁਹੇਲ ਅਹਿਮਦ ‘ਤੇ ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਕਰਨ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਿਆ ਸੀ।