Home ਤਾਜ਼ਾ ਖਬਰਾਂ ਜੰਮੂ ਕਸ਼ਮੀਰ ਦੇ ਸੋਪੋਰ ‘ਚ ਅੱਤਵਾਦੀ ਹਮਲਾ ; ਭਾਜਪਾ ਆਗੂ ਦੀ ਮੌਤ, ਇਕ ਪੁਲਿਸ ਮੁਲਾਜ਼ਮ ਸ਼ਹੀਦ

ਜੰਮੂ ਕਸ਼ਮੀਰ ਦੇ ਸੋਪੋਰ ‘ਚ ਅੱਤਵਾਦੀ ਹਮਲਾ ; ਭਾਜਪਾ ਆਗੂ ਦੀ ਮੌਤ, ਇਕ ਪੁਲਿਸ ਮੁਲਾਜ਼ਮ ਸ਼ਹੀਦ

0
ਜੰਮੂ ਕਸ਼ਮੀਰ ਦੇ ਸੋਪੋਰ ‘ਚ ਅੱਤਵਾਦੀ ਹਮਲਾ ; ਭਾਜਪਾ ਆਗੂ ਦੀ ਮੌਤ, ਇਕ ਪੁਲਿਸ ਮੁਲਾਜ਼ਮ ਸ਼ਹੀਦ

ਸ੍ਰੀਨਗਰ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਸੋਪੋਰ ‘ਚ ਸੋਮਵਾਰ ਨੂੰ ਇਕ ਅੱਤਵਾਦੀ ਹਮਲਾ ਹੋਇਆ। ਹਮਲੇ ‘ਚ ਇਕ ਕੌਂਸਲਰ ਮਾਰਿਆ ਗਿਆ, ਜਦਕਿ ਇਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ। ਅੱਤਵਾਦੀਆਂ ਨੇ ਇਹ ਹਮਲਾ ਸੋਪੋਰ ‘ਚ ਸਥਿਤ ਮਿਊਂਸਿਪਲ ਦਫ਼ਤਰ ‘ਤੇ ਗੋਲੀਬਾਰੀ ਕਰਕੇ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਸਮੇਂ ਦਫ਼ਤਰ ‘ਚ ਕੌਂਸਲਰਾਂ ਦੀ ਇਕ ਮੀਟਿੰਗ ਚੱਲ ਰਹੀ ਸੀ। ਇਸ ਹਮਲੇ ‘ਚ ਭਾਜਪਾ ਦੇ ਸੂਬਾ ਸਕੱਤਰ ਅਤੇ ਬਲਾਕ ਵਿਕਾਸ ਪ੍ਰੀਸ਼ਦ ਦੇ ਮੈਂਬਰ ਰਿਆਜ਼ ਅਹਿਮਦ ਦੀ ਮੌਤ ਹੋ ਗਈ, ਜਦਕਿ ਇਕ ਹੋਰ ਕੌਂਸਲਰ ਸ਼ਮਸੂਦੀਨ ਜ਼ਖ਼ਮੀ ਹੋ ਗਏ। ਹਮਲੇ ‘ਚ ਇੱਕ ਪੁਲਿਸ ਮੁਲਾਜ਼ਮ ਸ਼ਫਾਕਤ ਅਹਿਮਦ ਵੀ ਜ਼ਖ਼ਮੀ ਹੋਇਆ ਹੈ, ਜਿਸ ਦੀ ਹਸਪਤਾਲ ‘ਚ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜੰਮੂ ਕਸ਼ਮੀਰ ਪੁਲਿਸ ਨੇ ਅੱਤਵਾਦੀ ਹਮਲੇ ਬਾਰੇ ਬਿਆਨ ਦਿੱਤਾ ਹੈ ਕਿ ਇਸ ਅੱਤਵਾਦੀ ਘਟਨਾ ‘ਚ ਪੁਲਿਸ ਮੁਲਾਜ਼ਮ ਸ਼ਫਾਕਤ ਅਹਿਮਦ ਸ਼ਹੀਦ ਹੋ ਗਿਆ। ਇਸ ‘ਚ ਰਿਆਜ਼ ਅਹਿਮਦ ਦੀ ਮੌਤ ਹੋਈ ਹੈ, ਜਦਕਿ ਇਕ ਹੋਰ ਕੌਂਸਲਰ ਸ਼ਮਸੂਦੀਨ ਜ਼ਖ਼ਮੀ ਹਨ। ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਵੀ ਦੋ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟੇ ‘ਚ ਜੰਮੂ ਕਸ਼ਮੀਰ ‘ਚ ਇਹ ਦੂਜਾ ਅੱਤਵਾਦੀ ਹਮਲਾ ਹੈ। ਐਤਵਾਰ ਨੂੰ ਅੱਤਵਾਦੀਆਂ ਨੇ ਅਨੰਤਨਾਗ ‘ਚ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦੇ ਇਕ ਬੰਕਰ ‘ਤੇ ਇਕ ਗ੍ਰੇਨੇਡ ਨਾਲ ਹਮਲਾ ਕੀਤਾ ਸੀ, ਪਰ ਇਹ ਸੜਕ ‘ਤੇ ਡਿੱਗ ਗਿਆ। ਇਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਐਤਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਅਨੰਤਨਾਗ ਦੇ ਸੰਗਮ ਖੇਤਰ ‘ਚ ਵਾਪਰੀ ਸੀ।
ਇਸ ਦੇ ਨਾਲ ਹੀ ਕੁਪਵਾੜਾ ‘ਚ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ। ਸਾਂਝੀ ਮੁਹਿੰਮ ਦੌਰਾਨ ਸੋਮਵਾਰ ਨੂੰ ਇਲਾਕੇ ਵਿਚੋਂ ਵੱਡੀ ਮਾਤਰਾ ‘ਚ ਹਥਿਆਰ, ਜਿੰਦਾ ਕਾਰਤੂਸ ਅਤੇ ਅਸਲਾ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਇਲਾਕੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਦੇ ਅਨੁਸਾਰ ਖੁਫੀਆ ਜਾਣਕਾਰੀ ਦੇ ਬਾਅਦ ਕੁਪਵਾੜਾ ਦੇ ਕਰਨਾਹ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ‘ਚ 5 ਏਕੇ ਰਾਈਫਲਾਂ, 6 ਏਕੇ ਮੈਗਜ਼ੀਨ, 7 ਪਿਸਤੌਲਾਂ ਅਤੇ 9 ਪਿਸਤੌਲ ਮੈਗਜ਼ੀਨਾਂ ਬਰਾਮਦ ਕੀਤੀਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ੍ਰੀਨਗਰ ਦੇ ਬਾਰਜੁਲਾ ਖੇਤਰ ‘ਚ ਅੱਤਵਾਦੀਆਂ ਨੇ ਪੁਲਿਸ ਉੱਤੇ ਗੋਲੀਆਂ ਚਲਾਈਆਂ ਸਨ, ਜਿਸ ‘ਚ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਦੀ ਇਕ ਸਨਸਨੀਖੇਜ਼ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ‘ਚ ਅੱਤਵਾਦੀ ਭੱਜਦੇ ਵੇਖੇ ਗਏ ਸਨ ਅਤੇ ਪੁਲਿਸ ਕਰਮਚਾਰੀਆਂ ‘ਤੇ ਬਹੁਤ ਨੇੜਿਓਂ ਗੋਲੀਬਾਰੀ ਕੀਤੀ ਸੀ। ਅੱਤਵਾਦੀ ਆਪਣੇ ਕੱਪੜਿਆਂ ‘ਚ ਬੰਦੂਕਾਂ ਲੁਕੋ ਕੇ ਲਿਆਏ ਸਨ।