Home ਭਾਰਤ ਜੰਮੂ ’ਚ ਐਨਆਈਏ ’ਤੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਲੱਗੇ ਦੋਸ਼

ਜੰਮੂ ’ਚ ਐਨਆਈਏ ’ਤੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਲੱਗੇ ਦੋਸ਼

0
ਜੰਮੂ ’ਚ ਐਨਆਈਏ ’ਤੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਲੱਗੇ ਦੋਸ਼

ਜੰਮੂ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਇੱਕ ਮਾਮਲੇ ਦੀ ਪੁੱਛਗਿੱਛ ਦੌਰਾਨ ਸਿੱਖ ਨੌਜਵਾਨ ਨਾਲ ਐਨਆਈਏ ਅਧਿਕਾਰੀਆਂ ਵੱਲੋਂ ਕਥਿਤ ਕੁੱਟਮਾਰ ਕੀਤੇ ਜਾਣ ਬਾਅਦ ਜੰਮੂ ਵਿੱਚ ਸ਼ਨਿੱਚਰਵਾਰ ਨੂੰ ਸਿੱਖ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ।
ਇਨ੍ਹਾਂ ਸੰਗਠਨਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਅਧਿਕਾਰੀਆਂ ਨੇ ਇਸ ਨੌਜਵਾਨ ਨਾਲ ਕੁੱਟਮਾਰ ਕੀਤੀ ਹੈ, ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
ਸ਼ੁੱਕਰਵਾਰ ਨੂੰ ਜੰਮੂ ਦੇ ਸਤਵਾਰੀ ਥਾਣਾ ਖੇਤਰ ਦੇ ਅਧੀਨ ਪੈਣ ਵਾਲੇ ਸਿੰਬਲ ਇਲਾਕੇ ਦੇ ਜੁਗਰਾਜ ਸਿੰਘ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੁੱਛਗਿੱਛ ਲਈ ਆਪਣੇ ਦਫ਼ਤਰ ਸੱਦਿਆ ਸੀ। ਜੁਗਰਾਜ ਹੁਣ ਸ਼ਾਮ ਲਗਭਗ 9 ਵਜੇ
ਐਨਆਈਏ ਦਫ਼ਤਰ ਤੋਂ ਬਾਹਰ ਆਇਆ ਤਾਂ ਉਨ੍ਹਾਂ ਦੇ ਸਰੀਰ ’ਤੇ ਕਾਫ਼ੀ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੰਮੂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜੁਗਰਾਜ ਦੇ ਵਾਰਸਾਂ ਦਾ ਦੋਸ਼ ਹੈ ਕਿ ਪੁੱਛਗਿੱਛ ਦੇ ਨਾਮ ’ਤੇ ਐਨਆਈਏ ਨੇ ਉਸ ਨੂੰ ਥਰਡ ਡਿਗਰੀ ਟਾਰਚਰ ਕੀਤਾ ਅਤੇ ਇਸ ਟਾਰਚਰ ਦੇ ਨਿਸ਼ਾਨ ਜੁਗਰਾਜ ਸਿੰਘ ਦੇ ਸਰੀਰ ’ਤੇ ਦੇਖੇ ਜਾ ਸਕਦੇ ਹਨ। ਐਨਆਈਏ ਦੇ ਇਸ ਰਵੱਈਏ ਕਾਰਨ ਗੁੱਸੇ ਵਿੱਚ ਆਏ ਜੁਗਰਾਜ ਦੇ ਵਾਰਸਾਂ ਨੇ ਸ਼ਨਿੱਚਰਵਾਰ ਨੂੰ ਜੰਮੂ ਆਰ ਐਸ ਪੁਰਾ ਹਾਈਵੇਅ ਜਾਮ ਕੀਤਾ ਅਤੇ ਐਨਆਈਏ ਦੇ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕੀਤਾ। ਉੱਥੇ ਹੀ ਜੰਮੂ ਵਿੱਚ ਜੁਗਰਾਜ ਨਾਲ ਹੋਈ ਕੁੱਟਮਾਰ ਦਾ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋਇਆ ਹੈ।
ਜੁਗਰਾਜ ਦੇ ਵਾਰਸਾਂ ਦਾ ਦੋਸ਼ ਹੈ ਕਿ ਉਹ ਪੰਜਾਬ ਤੋਂ ਚੰਗੀ ਨਸਲ ਦੇ ਕੁੱਤੇ ਮੰਗਵਾ ਕੇ ਉਨ੍ਹਾਂ ਨੂੰ ਜੰਮੂ ਵਿੱਚ ਵੇਚਦਾ ਹੈ ਅਤੇ ਜਿਸ ਸ਼ਖਸ ਤੋਂ ਉਹ ਪੰਜਾਬ ਤੋਂ ਇਹ ਕੁੱਤੇ ਮੰਗਵਾਉਂਦਾ ਹੈ, ਉਹ ਕੁਝ ਦਿਨ ਪਹਿਲਾਂ ਜੰਮੂ ਆਇਆ ਸੀ ਅਤੇ ਜੁਗਰਾਜ ਦੇ ਘਰ ’ਤੇ ਰੁਕਿਆ ਸੀ। ਇਸ ਮਾਮਲੇ ਦੀ ਪੁੱਛਗਿੱਛ ਲਈ ਐਨਆਈਏ ਨੇ ਜੁਗਰਾਜ ਨੂੰ ਸ਼ੁੱਕਰਵਾਰ ਨੂੰ ਦਫ਼ਤਰ ਸੱਦਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਜੁਗਰਾਜ ਦੇ ਵਾਰਸ ਦੋਸ਼ ਲਾ ਰਹੇ ਹਨ ਕਿ ਜੇਕਰ ਜੁਗਰਾਜ ਦਾ ਕੋਈ ਕਸੂਰ ਸੀ ਤਾਂ ਉਸ ਨੂੰ ਛੱਡਿਆ ਕਿਉਂ ਗਿਆ ਅਤੇ ਜੇਕਰ ਕਸੂਰ ਨਹੀਂ ਸੀ ਤਾਂ ਉਸ ਨੂੰ ਕੁੱਟਿਆ ਕਿਉਂ ਗਿਆ? ਇਸ ਮੁੱਦੇ ਨੂੰ ਲੈ ਕੇ ਸਿੱਖ ਸੰਗਠਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ।