ਜੰਮੂ ਦੇ ਸ਼ੋਪੀਆਂ ’ਚ ਮੁਕਾਬਲੇ ਦੌਰਾਨ 4 ਅੱਤਵਾਦੀ ਢੇਰ

ਜੰਮੂ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਦਸਤਿਆਂ ਨੇ 4 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮੁਕਾਬਲਾ ਸ਼ੋਪੀਆਂ ਦੇ ਮਨਿਹਾਲ ਪਿੰਡ ਵਿੱਚ ਹੋਇਆ।
ਕਸ਼ਮੀਰ ਜ਼ੋਨ ਦੀ ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤਾਇਬਾ ਨਾਲ ਜੁੜੇ ਹੋਏ ਸਨ। ਇਸ ਸੰਯੁਕਤ ਅਪ੍ਰੇਸ਼ਨ ਨੂੰ ਆਰਮਿਸ 34 ਆਰਆਰ, ਪੁਲਿਸ ਤੇ ਸੀਆਰਪੀਐਫ਼ ਨੇ ਮਿਲ ਕੇ ਅੰਜਾਮ ਦਿੱਤਾ। ਅਪ੍ਰੇਸ਼ਨ ਦੌਰਾਨ ਸੁਰੱਖਿਆ ਦਸਤਿਆਂ ਨੂੰ ਇੱਕ ਏਕੇ-47 ਤੇ ਤਿੰਨ ਪਿਸਟਲ ਵੀ ਮਿਲੀਆਂ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਆਮਿਰ ਸ਼ਰੀਫ ਨਿਵਾਸੀ ਬਾਟਾਪੋਰਾ, ਰਈਸ ਅਹਿਮਦ ਭੱਟ ਨਿਵਾਸੀ ਡੀਕੇਪੋਰਾ ਸ਼ੋਪੀਆਂ, ਆਕਿਬ ਮਲਿਕ ਨਿਵਾਸੀ ਅਰਸ਼ੀਪੋਰਾ ਸ਼ੋਪੀਆਂ ਜਦਕਿ ਚੌਥੇ ਦੀ ਪਛਾਣ ਅਲਤਾਫ ਅਹਿਮਦ ਵਾਨੀ ਵਜੋਂ ਹੋਈ ਹੈ। ਮੁਕਾਬਲੇ ਵਾਲੇ ਸਥਾਨ ਤੋਂ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾਬਾਰੂਦ ਵੀ ਬਰਾਮਦ ਹੋਇਆ ਹੈ। ਇਸ ਦੌਰਾਨ ਕੁਝ ਮਕਾਨਾਂ ਨੂੰ ਨੁਕਸਾਨ ਵੀ ਪਹੁੰਚਿਆਂ ਹੈ। ਇਲਾਕੇ ’ਚ ਸਰਚ ਆਪਰੇਸ਼ਨ ਚਲਾਉਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੋਈ ਹੋਰ ਅੱਤਵਾਦੀ ਮੌਜੂਦ ਨਾ ਹੋਣ ਦੀ ਪੁਸ਼ਟੀ ਹੋਣ ’ਤੇ ਮੁਹਿੰਮ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਕਾਬਲੇ ’ਚ ਇਕ ਜਵਾਨ ਜ਼ਖ਼ਮੀ ਵੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਖੇਤਰ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਉਨ੍ਹਾਂ ਨੂੰ ਬੀਤੇ ਐਤਵਾਰ ਰਾਤ ਨੂੰ ਮਿਲੀ ਸੀ। ਜਾਣਕਾਰੀ ਦੇ ਆਧਾਰ ’ਤੇ ਪੁਲਿਸ ਦੀ ਐੱਸਓਜੀ, ਫੌਜ ਦੀ 34 ਆਰਆਰ ਤੇ ਸੀਆਰਪੀਐੱਫ ਦੀ 178 ਬਟਾਲੀਅਨ ਦੇ ਜਵਾਨਾਂ ਦੀ ਇਕ ਸਾਂਝੀ ਟੀਮ ਨੇ ਪਿੰਡ ਦੀ ਰਾਤ ’ਚ ਹੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਅੱਜ ਸਵੇਰੇ ਜਦੋਂ ਸੁਰੱਖਿਆ ਦਸਤਿਆਂ ਨੇ ਪਿੰਡ ’ਚ ਸਰਚ ਅਪਰੇਸ਼ਨ ਸ਼ੁਰੂ ਕੀਤਾ ਤਾਂ ਇਕ ਮਕਾਨ ’ਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਨੇੜੇ ਆਉਂਦੇ ਹੋਏ ਦੇਖਿਆ ਤੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਕਰਦੇ ਹੋਏ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਲਈ ਵਾਰ-ਵਾਰ ਕਿਹਾ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ। ਇਕ ਤੋਂ ਬਾਅਦ ਇਕ ਸੁਰੱਖਿਆ ਦਸਤਿਆਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਇਕ ਅੱਤਵਾਦੀ ਜੰਗਲ ਵੱਲ ਭੱਜ ਗਿਆ। ਫ਼ੌਜ ਨੇ ਉਸ ਨੂੰ ਵੀ ਲੱਭ ਲਿਆ ਤੇ ਉਸ ਨੂੰ ਇਕ ਵਾਰ ਫਿਰ ਆਤਮਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ, ਪਰ ਉਸ ਨੇ ਸੁਰੱਖਿਆ ਦਸਤਿਆਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ’ਤੇ ਸੁਰੱਖਿਆ ਦਸਤਿਆਂ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ।

Video Ad
Video Ad