
ਗੋਪਾਲਗੰਜ, 27 ਮਾਰਚ, ਹ.ਬ. : ਬਿਹਾਰ ਦੇ ਗੋਪਾਲਗੰਜ ਵਿਚ ਰਾਤ ਵੇਲੇ ਵੱਡਾ ਹਾਦਸਾ ਵਾਪਰ ਗਿਆ। ਮਹਿਮਦਪੁਰ ਥਾਣੇ ਦੇ ਡੁਮਰਿਆ ਪੁਲ ’ਤੇ ਮਿੰਨੀ ਟਰੱਕ ਅਤੇ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਇੱਕੋ ਪਰਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ ਬੇਟਾ-ਬੇਟੀ ਸ਼ਾਮਲ ਹਨ। ਪਰਵਾਰ ਦੇ ਮੈਂਬਰ ਹੋਲੀ ’ਤੇ ਦਿੱਲੀ ਤੋਂ ਸਹਰਸਾ ਆ ਰਹੇ ਸੀ। ਦੱਸਿਆ ਜਾਂਦਾ ਹੈ ਕਿ ਬਿਹਾਰ ਦੇ ਸਹਰਸਾ ਦਾ ਰਹਿਣ ਵਾਲਾ ਪਰਵਾਰ ਹੋਲੀ ’ਤੇ ਦਿੱਲੀ ਤੋਂ ਪਰਤ ਰਿਹਾ ਸੀ। ਪਤੀ-ਪਤਨੀ ਅਤੇ ਬੇਟਾ-ਬੇਟੀ ਇੱਕੋ ਕਾਰ ’ਤੇ ਸਵਾਰ ਸੀ। ਉਨ੍ਹਾਂ ਦੀ ਗੱਡੀ ਜਿਵੇਂ ਹੀ ਡੁਮਰਿਆ ਪੁਲ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਮਿਰਚਾਂ ਨਾਲ ਲਦੇ ਮਿੰਨੀ ਟਰੱਕ ਨੇ ਜ਼ੋਰਦਾਰ ਟੱਕਰ ਮਾਰੀ। ਹਾਦਸੇ ਤੋਂ ਬਾਅਦ ਹਫੜਾ ਦਫੜੀ ਮਚ ਗਈ। ਭਿਆਨਕ ਟੱਕਰ ਵਿਚ ਕਾਰ ’ਚ ਬੈਠੇ ਦੋ ਜਣਿਆਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦ ਕਿ ਦੋ ਲੋਕਾਂ ਦੀ ਇਲਾਜ ਦੌਰਾਨ ਮੌਤ ਹੋਈ। ਪੁਲਿਸ ਨੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।