ਅੰਮ੍ਰਿਤਸਰ, 16 ਮਈ, ਹ.ਬ. : ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ 7 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ। ਲੜਕੀ ਕੱਲ੍ਹ ਸ਼ਾਮ 4 ਵਜੇ ਟਿਊਸ਼ਨ ਲਈ ਗਈ ਸੀ ਅਤੇ ਘਰ ਵਾਪਸ ਨਹੀਂ ਆਈ। ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਦੀ ਹੈ। ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਹੈ। ਦੇਰ ਰਾਤ ਤੱਕ ਜਦੋਂ ਲੜਕੀ ਘਰ ਨਾ ਪਰਤੀ ਤਾਂ ਘਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਅੱਜ ਸਵੇਰ ਤੋਂ ਹੀ ਪਿੰਡ ਨੂੰ ਸੀਲ ਕਰ ਦਿੱਤਾ ਹੈ। ਹਰ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਲੜਕੀ ਜਿੱਥੇ ਟਿਊਸ਼ਨ ਪੜ੍ਹਦੀ ਸੀ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਰਸਤਿਆਂ ਰਾਹੀਂ ਲੜਕੀ ਟਿਊਸ਼ਨ ਲਈ ਜਾਂਦੀ ਸੀ, ਉਨ੍ਹਾਂ ਰਸਤਿਆਂ ’ਤੇ ਲੱਗੇ ਕੈਮਰਿਆਂ ਦੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ। ਸੀਸੀਟੀਵੀ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਔਰਤ ਅਤੇ ਇੱਕ ਬਾਈਕ ਸਵਾਰ ਵਿਅਕਤੀ ਲੜਕੀ ਨੂੰ ਬਿਠਾ ਕੇ ਆਪਣੇ ਨਾਲ ਲੈ ਗਏ। ਅਗਵਾਕਾਰਾਂ ਦੇ ਚਿਹਰੇ ਢਕੇ ਹੋਏ ਹਨ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਲੜਕੀ ਨੂੰ ਅਗਵਾ ਕੀਤਾ ਗਿਆ ਹੈ ਜਾਂ ਕੁਝ ਹੋਰ।