ਟਿਕੈਤ ’ਤੇ ਹਮਲੇ ਦੇ ਵਿਰੋਧ ਵਿਚ ਗਾਜ਼ੀਪੁਰ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਦੀ ਮਹਾਂਪਚਾਇਤ ਹੋਵੇਗੀ

ਮੁਜ਼ੱਫਰਨਗਰ, 3 ਅਪ੍ਰੈਲ, ਹ.ਬ. : ਰਾਕੇਸ਼ ਟਿਕੈਤ ’ਤੇ ਅਲਵਰ ਵਿਚ ਹੋਏ ਹਮਲੇ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ 4 ਅਪ੍ਰੈਲ ਨੂੰ ਗਾਜ਼ੀਪੁਰ ਬਾਰਡਰ ਮਹਾਂਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਬੀਤੀ ਰਾਤ ਅਚਾਨਕ ਸਿਸੌਲੀ ਸਥਿਤ ਅਪਣੀ ਰਿਹਾਇਸ਼ ’ਤੇ ਚੌਧਰੀ ਨਰੇਸ਼ ਟਿਕੈਤ ਨੇ ਕਿਸਾਨਾਂ ਦੀ ਪੰਚਾਇਤ ਬੁਲਾਈ।
ਨਰੇਸ਼ ਟਿਕੈਤ ਨੇ ਕਿਹਾ ਕਿ ਇਹ ਹਮਲਾ ਭਾਜਪਾ ਨੇ ਕਰਾਇਆ ਹੈ, ਜੋ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੇ ਸਾਰੇ ਰਸਤੇ ਬੰਦ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ 4 ਅਪ੍ਰੈਲ ਨੂੰ ਗਾਜ਼ੀਪੁਰ ਬਾਰਡਰ ਪੁੱਜਣ ਦੀ ਅਪੀਲ ਕੀਤੀ।
ਰਾਕੇਸ਼ ਟਿਕੈਤ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸੀ ਇਸ ਦੌਰਾਨ ਕੁਝ ਲੋਕਾਂ ਨੇ ਟਿਕੈਤ ਦੀ ਗੱਡੀ ’ਤੇ ਪੱਥਰ ਸੁੱਟੇ, ਜਦ ਉਸ ਦੇ ਕਾਫ਼ਲੇ ’ਤੇ ਪੱਥਰ ਸੁੱਟੇ ਗਏ ਤਾਂ ਉਸ ਸਮੇਂ ਟਿਕੈਤ ਅਪਣੀ ਗੱਡੀ ਵਿਚ ਨਹੀਂ ਸੀ।
ਪੁਲਿਸ ਨੇ ਕਿਹਾ ਕਿ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਜਦ ਦੂਜੀ ਰੈਲੀ ਦੇ ਲਈ ਤਾਤਾਰਪੁਰ ਚੌਰਾਹੇ ’ਤੇ ਪੁੱਜੇ ਤਾਂ ਪੱਥਰਬਾਜ਼ੀ ਹੋਈ। ਪੁਲਿਸ ਨੇ ਇਸ ਮਾਮਲੇ ਵਿਚ ਇੱਕ ਵਿਦਿਆਰਥੀ ਸਣੇ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ।
ਹਮਲੇ ਦੀ ਸੂਚਨਾ ਤੋਂ ਬਾਅਦ ਯੂਪੀ ਗੇਟ ’ਤੇ ਕਿਸਾਨਾਂ ਨੇ ਦਿੱਲੀ-ਮੇਰਠ ਐਕਸਪ੍ਰੈਸ ਵੇਅ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਦਿੱਲੀ ਤੋਂ ਗਾਜ਼ੀਆਬਾਦ ਆਉਣ ਵਾਲੀ ਟਰੇਨ ਨੂੰ ਕਰੀਬ ਪੌਣੇ ਦੋ ਘੰਟੇ ਬੰਦ ਰੱਖਿਆ। ਦਿੱਲੀ ਪੁਲਿਸ ਨੇ ਕਿਹਾ ਕਿ ਚਿੱਲਾ ਬਾਰਡਰ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

Video Ad
Video Ad