
ਨਵੀਂ ਦਿੱਲੀ, 18 ਅਗਸਤ, ਹ.ਬ. : ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਟੀਮ ਇੰਡੀਆ ਆਗਾਮੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਥੋੜ੍ਹੀ ਘਬਰਾਈ ਹੋਈ ਹੈ। ਸਾਰੇ ਖਿਡਾਰੀ ਵਿਸ਼ਵ ਕੱਪ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ ਪਰ ਪਿਛਲੇ ਵਿਸ਼ਵ ਕੱਪ ’ਚ ਗਰੁੱਪ ਗੇੜ ਤੋਂ ਬਾਹਰ ਹੋਣ ਤੋਂ ਬਾਅਦ ਹਰ ਕੋਈ ਥੋੜ੍ਹਾ ਬੇਚੈਨ ਹੈ। ਪਿਛਲੇ ਸਾਲ ਯੂਏਈ ਵਿੱਚ ਖੇਡਿਆ ਗਿਆ ਟੀ-20 ਵਿਸ਼ਵ ਕੱਪ ਭਾਰਤ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਦੋ ਮੈਚਾਂ ’ਚ ਲਗਾਤਾਰ ਹਾਰ ਤੋਂ ਬਾਅਦ ਟੀਮ ਪਹਿਲੇ ਦੌਰ ’ਚੋਂ ਹੀ ਬਾਹਰ ਹੋ ਗਈ ਸੀ। ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ ਇਸ ਵਾਰ ਟੀਮ ਇੰਡੀਆ ’ਚ ਕਾਫੀ ਬਦਲਾਅ ਕੀਤੇ ਗਏ ਹਨ। ਪਹਿਲਾਂ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਨ ਅਤੇ ਹੁਣ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥ ਹੈ। ਇਸ ਦੇ ਨਾਲ ਹੀ 2021 ’ਚ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਸਨ ਜਦਕਿ ਹੁਣ ਰਾਹੁਲ ਦ੍ਰਾਵਿੜ ਹਨ।