ਟੋਰਾਂਟੋ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਐਨਆਰਆਈ ਪੈਨਸ਼ਨਰਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੈਨਕੁਵਰ ਤੇ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਐਨਆਰਆਈ ਪੈਨਸ਼ਨਰਾਂ ਨੇ ਮੰਗ ਕੀਤੀ ਕਿ ਇਸ ਦੇ ਲਈ ਪੀਐਮ ਜਸਟਿਨ ਟਰੂਡੋ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਕਰਨ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਦੇ ਜਸ਼ਨਾਂ ਮੌਕੇ ਇਸ ਯੋਜਨਾ ਨੂੰ ਨੇਪਰੇ ਚਾੜਿਆ ਜਾ ਸਕੇ।
ਬੀ.ਸੀ ਚੈਪਟਰ ਦੀ ਐਸੋਸੀਏਸ਼ਨ ਆਫ਼ ਐਨਆਰਆਈ (ਨੌਨ-ਰੈਜ਼ੀਡੈਂਟ ਇੰਡੀਅਨਜ਼) ਪੈਨਸ਼ਨਰ ਐਬਰੌਡ ਨੇ ਜਸਟਿਨ ਟਰੂਡੋ ਨੂੰ ਬੇਨਤੀ ਕੀਤੀ ਕਿ ਕੈਨੇਡਾ ਦੇ ਕੋਨੇ-ਕੋਨੇ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਵਾਸਤੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਟੋਰਾਂਟੋ ਤੇ ਵੈਨਕੁਵਰ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਦੀ ਮੰਗ ਕਰਨ ਵਾਲੇ ਪੰਜਾਬੀਆਂ ਵਿੱਚ ਕੈਨੇਡੀਅਨ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ, ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਸ਼ਾਮਲ ਹੈ।