ਡਬਲ ਇੰਜਨ ਦੀ ਸਰਕਾਰ ਬੰਗਾਲ ਦਾ ਵਿਕਾਸ ਕਰੇਗੀ : ਮੋਦੀ

ਕੋਲਕਾਤਾ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਪੁਰੂਲਿਆ ਪਹੁੰਚੇ। ਇੱਥੇ ਭਾਜਪਾ ਉਮੀਦਵਾਰਾਂ ਦੇ ਸਮਰਥਨ ‘ਚ ਰੈਲੀ ਕਰਦਿਆਂ ਉਨ੍ਹਾਂ ਕਿਹਾ ਕਿ ਪੁਰੂਲਿਆ ਪਿਛਲੀ ਅਤੇ ਮੌਜੂਦਾ ਸਰਕਾਰਾਂ ਦੀ ਅਣਦੇਖੀ ਕਾਰਨ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਖੱਬੇਪੱਖੀ ਅਤੇ ਫਿਰ ਟੀਐਮਸੀ ਸਰਕਾਰ ਨੇ ਇੱਥੇ ਉਦਯੋਗ-ਧੰਦੇ ਨੂੰ ਵੱਧਣ ਨਹੀਂ ਦਿੱਤਾ। ਇੱਥੇ ਸਿੰਚਾਈ ਲਈ ਜਿੰਨਾ ਕੰਮ ਹੋਣਾ ਚਾਹੀਦਾ ਸੀ, ਉਹ ਵੀ ਨਹੀਂ ਕੀਤਾ ਗਿਆ। ਘੱਟ ਪਾਣੀ ਕਾਰਨ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਜਿਹੜੀ ਧਰਤੀ ਨੇ ਕਦੇ ਸੀਤਾ ਮਾਤਾ ਦੀ ਪਿਆਸ ਬੁਝਾਈ ਸੀ, ਉੱਥੇ ਦੇ ਲੋਕ ਅੱਜ ਪਾਣੀ ਲਈ ਪ੍ਰੇਸ਼ਾਨ ਹਨ।

Video Ad

ਨਰਿੰਦਰ ਮੋਦੀ ਨੇ ਪੁਰੂਲਿਆ ‘ਚ ਪਾਣੀ ਸੰਕਟ ਦਾ ਮੁੱਦਾ ਚੁੱਕਦਿਆਂ ਕਿਹਾ, “ਪੁਰੂਲੀਆ ‘ਚ ਪਾਣੀ ਦਾ ਸੰਕਟ ਇਕ ਵੱਡੀ ਸਮੱਸਿਆ ਹੈ। ਇਥੋਂ ਦੇ ਕਿਸਾਨ ਅਤੇ ਆਦਿਵਾਸੀਆਂ ਨੂੰ ਇੰਨਾ ਪਾਣੀ ਨਹੀਂ ਮਿਲਦਾ ਕਿ ਉਹ ਸਹੀ ਤਰੀਕੇ ਨਾਲ ਖੇਤੀ ਕਰ ਸਕਣ। ਪੀਣ ਵਾਲੇ ਪਾਣੀ ਲਈ ਇੱਥੋਂ ਦੀਆਂ ਔਰਤਾਂ ਨੂੰ ਦੂਰ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਪਾਣੀ ਸੰਕਟ ਦੇਸ਼ ਦੇ ਹੋਰ ਸੂਬਿਆਂ ‘ਚ ਵੀ ਰਿਹਾ ਹੈ। ਜਿੱਥੇ-ਜਿੱਥੇ ਭਾਜਪਾ ਨੂੰ ਸੇਵਾ ਦਾ ਮੌਕਾ ਮਿਲਿਆ, ਉੱਥੇ ਸੈਂਕੜੇ ਕਿਲੋਮੀਟਰ ਲੰਮੀ ਪਾਈਪ ਲਾਈਨ ਵਿਛਾਈ ਗਈ ਅਤੇ ਟੋਬੇ ਬਣਾਏ ਗਏ। ਉੱਥੇ ਹੁਣ ਪਾਣੀ ਦਾ ਸੰਕਟ ਦੂਰ ਹੁੰਦਾ ਜਾ ਰਿਹਾ ਹੈ। ਉੱਥੋਂ ਦੇ ਕਿਸਾਨਾਂ ਨੇ ਵੱਖ-ਵੱਖ ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।”

ਮੋਦੀ ਨੇ ਕਿਹਾ, “ਬੰਗਾਲ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ‘ਤੇ ਦੂਰ ਕੀਤਾ ਜਾਵੇਗਾ। ਜਦੋਂ ਬੰਗਾਲ ‘ਚ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਇੱਥੇ ਵਿਕਾਸ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਵੀ ਸੌਖੀ ਹੋ ਜਾਵੇਗੀ। ਮਮਤਾ ਬੈਨਰਜੀ ਨੂੰ ਆਮ ਲੋਕਾਂ ਦੀ ਚਿੰਤਾ ਨਹੀਂ ਹੈ। ਮਾਂ-ਮਾਟੀ-ਮਾਨੁਸ਼ ਦੀ ਗੱਲ ਕਰਨ ਵਾਲੀ ਦੀਦੀ ਨੂੰ ਜੇ ਦਲਿਤਾਂ, ਪੱਛੜੇ, ਆਦਿਵਾਸੀਆਂ, ਜੰਗਲ ਵਾਸੀਆਂ ਨਾਲ ਪਿਆਰ ਹੁੰਦਾ, ਤਾਂ ਉਹ ਅਜਿਹਾ ਕਦੇ ਨਾ ਕਰਦੀ। ਦੀਦੀ ਦੀ ਬੇਰਹਿਮ ਸਰਕਾਰ ਨੇ ਮਾਓਵਾਦੀਆਂ ਦੀ ਇਕ ਨਵੀਂ ਨਸਲ ਪੈਦਾ ਕੀਤੀ ਹੈ, ਜੋ ਟੀਐਮਸੀ ਜ਼ਰੀਏ ਗਰੀਬਾਂ ਦੇ ਪੈਸੇ ਲੁੱਟਦੇ ਹਨ। ਇਸੇ ਲਈ ਉਹ ਕਹਿ ਰਹੀ ਹੈ – ‘ਖੇਲਾ ਹੋਬੇ’। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਜਨਤਾ ਦੀ ਸੇਵਾ ਅਤੇ ਬੰਗਾਲ ਦੇ ਵਿਕਾਸ ਦਾ ਸਵਾਲ ਹੋਵੇ ਤਾਂ ‘ਖੇਲਾ’ ਨਹੀਂ ਖੇਡਿਆ ਜਾਂਦਾ।

ਪ੍ਰਧਾਨ ਮੰਤਰੀ ਨੇ ਕਿਹਾ, “10 ਸਾਲ ਤਕ ਲੁੱਟ-ਖਸੁੱਟ ਅਤੇ ਲੋਕਾਂ ‘ਤੇ ਡਾਂਗਾਂ-ਸੋਟੇ ਚਲਵਾਉਣ ਤੋਂ ਬਾਅਦ ਹੁਣ ਮਮਤਾ ਦੀਦੀ ਅਚਾਨਕ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਇਹ ਦਿਲ ਪਰਿਵਰਤਨ ਨਹੀਂ, ਸਗੋਂ ਹਾਰਨ ਦਾ ਡਰ ਹੈ। ਬੰਗਾਲ ਦੇ ਲੋਕਾਂ ਨੂੰ ਯਾਦ ਹੈ ਕਿ ਗੱਡੀ ‘ਚੋਂ ਉਤਰ ਕੇ ਉਨ੍ਹਾਂ ਨੇ ਕਿੰਨੇ ਲੋਕਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਪੁਲਿਸ ਤੋਂ ਗ੍ਰਿਫ਼ਤਾਰ ਕਰਵਾਇਆ। ਲੋਕ ਸਭਾ ‘ਚ ਟੀਐਮਸੀ ਹਾਫ਼ ਅਤੇ ਇਤ ਵਾਲ ਪੂਰੀ ਸਾਫ਼। ਬੰਗਾਲ ਦੇ ਲੋਕਾਂ ਦਾ ਇਰਾਦਾ ਵੇਖ ਦੀਦੀ ਆਪਣੀ ਭੜਾਸ ਮੇਰੇ ‘ਤੇ ਕੱਢ ਰਹੀ ਹੈ।”

ਪੀਐਮ ਮੋਦੀ ਨੇ ਕਿਹਾ, “ਮੈਂ ਅੱਜ ਪੁਰੂਲੀਆ ਦੇ ਲੋਕਾਂ ਨੂੰ ਯਕੀਨ ਦਿਵਾਉਣ ਲਈ ਆਇਆ ਹਾਂ ਕਿ ਬੰਗਾਲ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਦੂਰ ਕੀਤੀਆਂ ਜਾਣਗੀਆਂ। ਜਦੋਂ ਬੰਗਾਲ ‘ਚ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਇੱਥੇ ਵਿਕਾਸ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਵੀ ਸੌਖੀ ਹੋ ਜਾਵੇਗੀ। ਪੁਰੂਲੀਆ ‘ਚ ਸੈਰ-ਸਪਾਟਾ ਅਤੇ ਦਸਤਕਾਰੀ ਲਈ ਬਹੁਤ ਸਾਰੇ ਮੌਕੇ ਹਨ, ਇਨ੍ਹਾਂ ਨੂੰ ਹੁੰਗਾਰਾ ਦਿੱਤਾ ਜਾਵੇਗਾ।”

ਪੀਐਮ ਮੋਦੀ ਨੇ ਕਿਹਾ, “ਜਦੋਂ ਅਮਫ਼ਾਨ ਤੂਫ਼ਾਨ ਆਇਆ ਤਾਂ ਦੀਦੀ ਨੇ ਕੀ ਕੀਤਾ? ਉਦੋਂ ਦੀਦੀ ਨੇ ਕਿਹਾ ਸੀ ਕਿ ਜੇ ਤੁਹਾਨੂੰ ਵਿੱਤੀ ਮਦਦ ਚਾਹੀਦੀ ਹੈ ਤਾਂ ਇਕ ਹਿੱਸਾ ਪਾਰਟੀ ਦਫ਼ਤਰ ‘ਚ ਜਮਾਂ ਕਰਵਾਓ। ਜੇ ਨੁਕਸਾਨ ਨਹੀਂ ਵੀ ਹੋਇਆ ਤਾਂ ਵੀ ਤੁਹਾਨੂੰ ਵਿੱਤੀ ਮਦਦ ਮਿਲ ਸਕਦੀ ਹੈ, ਸਿਰਫ਼ ਇਕ ਹੀ ਸ਼ਰਤ ਹੈ ਪਾਰਟੀ ਦਫ਼ਤਰ ‘ਚ ਪੈਸਾ ਜਮਾਂ ਕਰਵਾਓ। ਭਾਜਪਾ ਦੀ ਕੇਂਦਰ ਸਰਕਾਰ ਦੀ ਨੀਤੀ ਹੈ – ਡੀਬੀਟੀ ਮਤਲਬ ਡਾਇਰੈਕਟ ਬੈਨੀਫਿਟ ਟਰਾਂਸਫ਼ਰ। ਉੱਥੇ ਹੀ ਪੱਛਮ ਬੰਗਾਲ ‘ਚ ਦੀਦੀ ਸਰਕਾਰ ਦੀ ਨੀਤੀ ਹੈ – ਟੀਐਮਸੀ ਮਤਲਬ ਟਰਾਂਸਫ਼ਰ ਮਾਈ ਕਮਿਸ਼ਨ।

‘ਮੈਂ ਅਰਦਾਸ ਕਰਦਾ ਹਾਂ ਕਿ ਮਮਤਾ ਦੀ ਸੱਟ ਛੇਤੀ ਠੀਕ ਹੋਵੇ’
ਪੀਐਮ ਮੋਦੀ ਨੇ ਕਿਹਾ, “ਸਾਡੀ ਲਈ ਮਮਤਾ ਦੀਦੀ ਵੀ ਭਾਰਤ ਦੀ ਇਕ ਧੀ ਹੈ, ਜਿਨ੍ਹਾਂ ਦਾ ਸਨਮਾਨ ਸਾਡੇ ਸੰਸਕਾਰਾਂ ‘ਚ ਸ਼ਾਮਲ ਹੈ। ਜਦੋਂ ਉਨ੍ਹਾਂ ਨੂੰ ਸੱਟ ਲੱਗੀ ਸੀ ਤਾਂ ਅਸੀਂ ਵੀ ਪ੍ਰੇਸ਼ਾਨ ਹੋਏ ਸੀ। ਮੈਂ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਸੱਟ ਛੇਤੀ ਠੀਕ ਹੋ ਜਾਵੇ। ਪੱਛਮ ਬੰਗਾਲ ਦੀ ਤਰੱਕੀ ਉਦੋਂ ਹੀ ਹੋ ਸਕਦੀ ਹੈ, ਜਦੋਂ ਸਾਰੀਆਂ ਪਾਰਟੀਆਂ ਵਿਕਾਸ ਪ੍ਰਕਿਰਿਆ ‘ਚ ਇਕੱਠੇ ਹੋਣ। ਪਰ ਦੀਦੀ ਨੇ ਇੱਥੇ ਦਲਿਤ, ਪੱਛੜੇ ਅਤੇ ਆਦਿਵਾਸੀਆਂ ਨੂੰ ਆਪਣਾ ਕਦੇ ਨਹੀਂ ਸਮਝਿਆ। ਇੱਥੇ ਕੇਂਦਰ ਸਰਕਾਰ ਵੱਲੋਂ ਸਸਤਾ ਚੌਲ ਗਰੀਬਾਂ ਨੂੰ ਭੇਜਿਆ ਜਾਂਦਾ ਹੈ, ਪਰ ਟੀਐਮਸੀ ਦੇ ਲੋਕ ਇਸ ਨੂੰ ਵੀ ਨਹੀਂ ਛੱਡਦੇ। ਪਿਛਲੇ ਸਾਲ ਕੋਰੋਨਾ ਸਮੇਂ ਹਜ਼ਾਰਾਂ ਟਨ ਚੌਵਲ ਤੇ ਅਨਾਜ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਦੀਦੀ ਦੇ ਲੋਕਾਂ ਨੇ ਇਸ ‘ਚ ਵੀ ਘੁਟਾਲਾ ਕੀਤਾ।

‘ਦੀਦੀ ਬੋਲੇ ਖੇਲਾ ਹੋਬੇ, ਭਾਜਪਾ ਬੋਲੇ – ਸੋਨਾਰ ਬੰਗਲਾ ਹੋਬੇ’
ਪੀਐਮ ਮੋਦੀ ਨੇ ਕਿਹਾ, ਦੀਦੀ ਬੋਲੇ ‘ਖੇਲਾ ਹੋਬੇ’, ਭਾਜਪਾ ਬੋਲੇ ‘ਵਿਕਾਸ ਹੋਬੇ’। ਦੀਦੀ ਬੋਲੇ, ‘ਖੇਲਾ ਹੋਬੇ, ਭਾਜਪਾ ਬੋਲੇ ਸਿੱਖਿਆ ਹੋਬੇ’। ਦੀਦੀ ਬੋਲੇ, ‘ਖੇਲਾ ਹੋਬੇ’, ਭਾਜਪਾ ਬੋਲੇ ‘ਔਰਤਾਂ ਦਾ ਵਿਕਾਸ ਹੋਬੇ’। ਦੀਦੀ ਬੋਲੇ ‘ਖੇਲਾ ਹੋਬੇ’, ਭਾਜਪਾ ਬੋਲੇ ‘ਸੰਪੂਰਨ ਵਿਕਾਸ ਹੋਬੇ’। ਦੀਦੀ ਬੋਲੇ ‘ਖੇਲਾ ਹੋਬੇ’, ਭਾਜਪਾ ਬੋਲੇ ‘ਸੋਨਾਰ ਬੰਗਲਾ ਹੋਬੇ’। ਦੀਦੀ ਬੋਲੇ ‘ਖੇਲਾ ਹੋਬੇ’, ਭਾਜਪਾ ਬੋਲੇ ‘ਨੌਕਰੀ ਹੋਬੇ’। ਦੀਦੀ ਬੋਲੇ ‘ਖੇਲਾ ਹੋਬੇ’, ਭਾਜਪਾ ਬੋਲੇ ‘ਹਸਪਤਾਲ ਹੋਬੇ’। ਦੀਦੀ ਬੋਲੇ ‘ਖੇਲਾ ਹੋਬੇ’, ਭਾਜਪਾ ਬੋਲੇ ‘ਸਕੂਲ ਹੋਬੇ’।

Video Ad