Home ਭਾਰਤ ਡਿਜ਼ੀਟਲ ਸਰਵਿਸ ਟੈਕਸ : ਭਾਰਤ ਦੇ ਫ਼ੈਸਲੇ ਤੋਂ ਅਮਰੀਕਾ ਨਾਖੁਸ਼

ਡਿਜ਼ੀਟਲ ਸਰਵਿਸ ਟੈਕਸ : ਭਾਰਤ ਦੇ ਫ਼ੈਸਲੇ ਤੋਂ ਅਮਰੀਕਾ ਨਾਖੁਸ਼

0
ਡਿਜ਼ੀਟਲ ਸਰਵਿਸ ਟੈਕਸ : ਭਾਰਤ ਦੇ ਫ਼ੈਸਲੇ ਤੋਂ ਅਮਰੀਕਾ ਨਾਖੁਸ਼

ਬਰਤਾਨੀਆ ਤੇ ਫਰਾਂਸ ਸਣੇ ਦੁਨੀਆ ਦੇ ਕਈ ਦੇਸ਼ ਲੈਂਦੇ ਨੇ ਡਿਜ਼ੀਟਲ ਸਰਵਿਸ ਟੈਕਸ
ਨਵੀਂ ਦਿੱਲੀ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਫਰਾਂਸ ਅਤੇ ਬਰਤਾਨੀਆ ਸਣੇ ਦੁਨੀਆਂ ਦੇ ਕਈ ਮੁਲਕ ਵਿਦੇਸ਼ੀ ਡਿਜ਼ੀਟਲ ਸਰਵਿਸ ਪ੍ਰੋਵਾਈਡਰਾਂ ਤੋਂ ਡਿਜ਼ੀਟਲ ਸਰਵਿਸ ਟੈਕਸ (ਡੀਐਸਟੀ) ਵਸੂਲਦੇ ਹਨ। ਭਾਰਤ ਨੇ ਵੀ ਵਿਦੇਸ਼ੀ ਕੰਪਨੀਆਂ ‘ਤੇ ਇਹ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਅਰਬਾਂ ਡਾਲਰ ਦਾ ਕਾਰੋਬਾਰ ਕਰ ਰਹੀਆਂ ਇਹ ਕੰਪਨੀਆਂ ਸਾਰਾ ਮੁਨਾਫ਼ਾ ਆਪਣੇ ਦੇਸ਼ ਲਿਜਾ ਰਹੀਆਂ ਸਨ। ਹਾਲਾਂਕਿ ਭਾਰਤ ਵੱਲੋਂ ਡਿਜ਼ੀਟਲ ਸਰਵਿਸ ਟੈਕਸ ਲਾਉਣ ਤੋਂ ਅਮਰੀਕਾ ਖੁਸ਼ੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਇਸ ਨੂੰ ਆਪਣੇ ਹਿੱਤਾਂ ਵਿਰੁੱਧ ਅਤੇ ਪੱਖਪਾਤ ਪੂਰਨ ਦੱਸ ਰਿਹਾ ਹੈ।
ਇਸ ਨਾਲ ਨਜਿੱਠਣ ਲਈ ਅਮਰੀਕੀ ਕਾਂਗਰਸ ਨੇ ਡਿਜ਼ੀਟਲ ਸਰਵਿਸ ਟੈਕਸ ‘ਤੇ ਬਹਿਸ ਤੇ ਫਿਰ ਉਸ ਨੂੰ ਕਾਨੂੰਨ ਦੇ ਰੂਪ ਵਿੱਚ ਤਬਦੀਲ ਕਰਨ ਲਈ ਇੱਕ ਖੋਜ ਰਿਪੋਰਟ ਤਿਆਰ ਕੀਤੀ ਹੈ। ਕਾਂਗਰਸ ਖੋਜ ਸਰਵਿਸ ਦੀ ਰਿਪੋਰਟ ਯੂਐਸ ਟਰੇਡ ਰਿਪ੍ਰਜ਼ੈਂਟੇਟਿਵ (ਯੂਐਸਟੀਆਰ) ਨੇ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਲਾਏ ਗਏ ਡੀਐਸਟੀ ਦੀ ਜਾਂਚ ਕੀਤੀ। ਇਸ ਵਿੱਚ ਪਤਾ ਲੱਗਾ ਕਿ ਭਾਰਤ ਤੋਂ ਇਲਾਵਾ ਫਰਾਂਸ, ਇੰਡੋਨੇਸ਼ੀਆ, ਇਟਲੀ, ਸਪੇਨ, ਤੁਰਕੀ ਤੇ ਬਰਤਾਨੀਆ ਸਣੇ ਕਈ ਦੇਸ਼ ਹਨ, ਜੋ ਡੀਐਸਟੀ ਲੈ ਰਹੇ ਹਨ। ਬ੍ਰਾਜ਼ੀਲ, ਚੈਕ ਗਣਰਾਜ ਅਤੇ ਯੂਰਪੀ ਸੰਘ ਇਸ ਟੈਕਸ ਦੀ ਪਹਿਲ ਕਰਨ ਵਾਲੇ ਹਨ।
ਰਿਪੋਰਟ ਵਿੱਚ ਡੀਐਸਟੀ ਵਿਰੁੱਧ ਤਿੰਨ ਦੋਸ਼ ਸਾਹਮਣੇ ਆਏ ਹਨ। ਪਹਿਲਾ ਇਹ ਵਿਵਸਥਾ ਅਮਰੀਕੀ ਡਿਜ਼ੀਟਲ ਕੰਪਨੀਆਂ ਵਿਰੁੱਧ ਭੇਦਭਾਵ ਕਰਦੀ ਹੈ। ਦੂਜਾ ਕੌਮਾਂਤਰੀ ਟੈਕਸ ਦੇ ਸਿਧਾਂਤਾਂ ਵਿਰੁੱਧ ਹੈ। ਤੀਜਾ ਅਮਰੀਕੀ ਵਣਜ ਹਿੱਤਾਂ ‘ਤੇ ਬੋਝ ਪਾਉਂਦੀ ਹੈ। ਅਮਰੀਕੀ ਜਾਂਚ ਤੇ ਖੋਜ ਰਿਪੋਰਟ ਦੇ ਇਹ ਨਤੀਜੇ ਡਿਜ਼ੀਟਲ ਟੈਕਸ ਵਿਵਸਥਾ ਕਾਇਮ ਕਰਨ ਨੂੰ ਲੈ ਕੇ ਚੱਲ ਰਹੀ ਗੱਲਬਾਤ ਨੂੰ ਦੇਖਦੇ ਹੋਏ ਮਾਇਨੇ ਰੱਖਦੇ ਹਨ। ਇਹ ਗੱਲਬਾਤ 130 ਦੇਸ਼ਾਂ ਵਿਚਕਾਰ ਹੋ ਰਹੀ ਹੈ।
ਭਾਰਤ ਨੇ ਗ਼ੈਰ-ਭਾਰਤੀ ਡਿਜ਼ੀਟਲ ਬਹੁਕੌਮੀ ਕੰਪਨੀਆਂ ‘ਤੇ ਸਿਰਫ਼ 2 ਫੀਸਦੀ ਡੀਐਸਟੀ ਲਗਾਇਆ ਹੈ। ਇਹ ਟੈਕਸ ਉਨ੍ਹਾਂ ਕੰਪਨੀਆਂ ‘ਤੇ ਲਾਗੂ ਹੋਵੇਗਾ, ਜਿਨ੍ਹਾਂ ਦੀ ਸਾਲਾਨਾ ਆਮਦਨ 2 ਕਰੋੜ ਰੁਪਏ ਤੋਂ ਵੱਧ ਹੈ। ਜਦਕਿ ਇੰਡੋਨੇਸ਼ੀਆ ਡਿਜ਼ੀਟਲ ਪ੍ਰੋਡਕਟਸ ਤੇ ਸੇਵਾਵਾਂ ‘ਤੇ 10 ਫੀਸਦੀ ਡੀਅਸਟੀ ਵਸੂਲਦਾ ਹੈ। ਇਟਲੀ 3 ਫੀਸਦੀ, ਸਪੇਨ ਵੀ 3 ਫੀਸਦੀ ਤੇ ਬਰਤਾਨੀਆ 2 ਫੀਸਦੀ ਡੀਐਸਟੀ ਵਸੂਲਦਾ ਹੈ।