
ਚੇਨਈ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦ੍ਰਵਿੜ ਮੁਨੇਤਰ ਕਸ਼ਗਮ (ਡੀਐਮਕੇ) ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦੇ ਆਗੂ ਔਰਤਾਂ ਦਾ ਅਪਮਾਨ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਨਡੀਏ ਦੀਆਂ ਸਕੀਮਾਂ ਦਾ ਟੀਚਾ ਔਰਤਾਂ ਦਾ ਸਸ਼ਕਤੀਕਰਨ ਹੈ। ਤਾਮਿਲਨਾਡੂ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਹਿਯੋਗੀ ਪਾਰਟੀ ਅੰਨਾਦ੍ਰਮੁਕ ਸਮੇਤ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੇ ਉਮੀਦਵਾਰ ਦੇ ਪੱਖ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਐਮ.ਜੀ. ਰਾਮਚੰਦਰਨ ਦਾ ਸਰਬਪੱਖੀ ਵਿਕਾਸ ਤੇ ਖੁਸ਼ਹਾਲ ਸਮਾਜ ਦਾ ਦ੍ਰਿਸ਼ਟੀਕੋਣ ਸਾਨੂੰ ‘ਪ੍ਰੇਰਿਤ’ ਕਰਦਾ ਹੈ।
ਡੀਐਮਕੇ ਅਤੇ ਕਾਂਗਰਸ ਦੀ ਨਿਖੇਧੀ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਕੋਲ ਗੱਲਬਾਤ ਕਰਨ ਦਾ ਕੋਈ ਏਜੰਡਾ ਨਹੀਂ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਚੋਣ ਲੜ ਰਹੀਆਂ ਦੋਵੇਂ ਪਾਰਟੀਆਂ ਲੋਕਾਂ ਦੀ ਸੁਰੱਖਿਆ ਅਤੇ ਮਾਨ-ਸਨਮਾਨ ਦੀ ਗਾਰੰਟੀ ਨਹੀਂ ਦੇਣਗੀਆਂ ਅਤੇ ਉਨ੍ਹਾਂ ਦੇ ਸ਼ਾਸਨ ਅਧੀਨ ਅਮਨ-ਕਾਨੂੰਨ ਦੀ ਵਿਵਸਥਾ ਵਿਗੜ ਜਾਵੇਗੀ। ਉਨ੍ਹਾਂ ਅਸਿੱਧੇ ਤੌਰ ‘ਤੇ ਡੀਐਮਕੇ ਦੇ ਪਹਿਲੇ ਪਰਿਵਾਰ ‘ਚ ਦੋ ਭਰਾਵਾਂ ਐਮ.ਕੇ. ਸਟਾਲਿਨ ਅਤੇ ਐਮ.ਕੇ. ਅਲਾਗਿਰੀ ਵਿਚਕਾਰ ਹੋਏ ਵਿਵਾਦ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਪਰਿਵਾਰਕ ਮਸਲਿਆਂ ਕਾਰਨ ਸ਼ਾਂਤੀ ਪਸੰਦ ਮਦੁਰੈ ਨੂੰ ‘ਮਾਫੀਆ ਦੇ ਗੜ੍ਹ’ ‘ਚ ਬਦਲਣ ਦੀ ਕੋਸ਼ਿਸ਼ ਕੀਤੀ।
ਪੀਐਮ ਮੋਦੀ ਨੇ ਸਥਾਨਕ ਦੇਵੀ ਮੀਨਾਕਸ਼ੀ ਅੱਮਨ ਅਤੇ ਉਨ੍ਹਾਂ ਦੇ ਪ੍ਰਸਿੱਧ ਨਾਵਾਂ ਕੰਨਾਗੀ, ਰਾਣੀ ਮੰਗਮਮਲ ਅਤੇ ਵੇਲੂ ਨਾਚੀਅਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਦੁਰਈ ‘ਨਾਰੀ ਸ਼ਕਤੀ’ ਦੇ ਸ਼ਕਤੀਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨਡੀਏ ਦੀਆਂ ਬਹੁਤ ਸਾਰੀਆਂ ਯੋਜਨਾਵਾਂ, ਜਿਨ੍ਹਾਂ ‘ਚ ਉਜਵਲਾ ਯੋਜਨਾ ਸ਼ਾਮਲ ਹੈ, ਔਰਤਾਂ ਦੇ ਸਸ਼ਕਤੀਕਰਨ ‘ਤੇ ਕੇਂਦ੍ਰਿਤ ਹੈ। ਕਿਸੇ ਦਾ ਨਾਮ ਲਏ ਬਗੈਰ ਉਨ੍ਹਾਂ ਕਿਹਾ, “ਡੀਐਮਕੇ ਅਤੇ ਕਾਂਗਰਸ ਇਨ੍ਹਾਂ ਕਦਰਾਂ-ਕੀਮਤਾਂ ਨੂੰ ਨਹੀਂ ਸਮਝਦੀਆਂ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਦੇ ਨੇਤਾ ਵਾਰ-ਵਾਰ ਔਰਤਾਂ ਦਾ ਅਪਮਾਨ ਕਰਦੇ ਹਨ।”
ਇਸ ਦੌਰਾਨ ਨਰਿੇੰਦਰ ਮੋਦੀ ਨੇ ਜੱਲੀਕੱਟੂ ਅਤੇ ਸਬਰੀਮਾਲਾ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸਾਲ 2016 ਦੀਆਂ ਚੋਣਾਂ ‘ਚ ਡੀਐਮਕੇ ਅਤੇ ਕਾਂਗਰਸ ਨੇ ਆਪਣੇ ਚੋਣ ਮੈਨੀਫ਼ੈਸਟੋ ‘ਚ ਜੱਲੀਕੱਟੂ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਥੇ ਦੇ ਲੋਕ ਜੱਲੀਕੱਟੂ ਨੂੰ ਜਾਰੀ ਰੱਖਣਾ ਚਾਹੁੰਦੇ ਹਨ।
ਜੱਲੀਕੱਟੂ ਤਾਮਿਲਨਾਡੂ ‘ਚ ਲਗਭਘ 400 ਸਾਲ ਪੁਰਾਣੀ ਰਵਾਇਤੀ ਖੇਡ ਹੈ। ਇਸ ਨੂੰ ਫ਼ਸਲਾਂ ਦੀ ਕਟਾਈ ਸਮੇਂ ਪੋਂਗਲ ‘ਤੇ ਆਯੋਜਿਕ ਕੀਤਾ ਜਾਂਦਾ ਹੈ। ਇਸ ‘ਚ ਬਲਦਾਂ ਦੇ ਸਿੰਗਾਂ ‘ਚ ਸਿੱਕੇ ਜਾਂ ਨੋਟ ਫਸਾ ਕੇ ਰੱਖੇ ਜਾਂਦੇ ਹਨ। ਇਸ ਤੋਂ ਬਾਅਦ ਲੋਕ ਇਨ੍ਹਾਂ ਸਿੱਕੇ ਜਾਂ ਨੋਟਾਂ ਨੂੰ ਫੜ ਕੇ ਬਲਦਾਂ ਨੂੰ ਕਾਬੂ ਕਰਦੇ ਹਨ। ਸੁਪਰੀਮ ਕੋਰਟ ਨੇ ਇਸ ਖੇਡ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।