
ਮੁੰਬਈ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਢਿੱਡ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਪਹੁੰਚੇ। 80 ਸਾਲਾ ਪਵਾਰ ਦੀ ਸਿਹਤ ਬਾਰੇ ਐਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਸ਼ਰਦ ਪਵਾਰ ਐਤਵਾਰ ਸ਼ਾਮ ਨੂੰ ਢਿੱਡ ਦਰਦ ਕਾਰਨ ਬੇਚੈਨੀ ਮਹਿਸੂਸ ਕਰ ਰਹੇ ਸਨ, ਇਸ ਲਈ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਨ੍ਹਾਂ ਨੂੰ ਗਾਲ ਬਲੈਡਰ ‘ਚ ਸਮੱਸਿਆ ਹੈ। ਇਸ ਤੋਂ ਬਾਅਦ ਉਹ ਘਰ ਪਰਤ ਗਏ। ਉਨ੍ਹਾਂ ਨੂੰ 31 ਮਾਰਚ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਐਂਡੋਸਕੋਪੀ ਅਤੇ ਸਰਜਰੀ ਕੀਤੀ ਜਾਵੇਗੀ।
ਮਹਾਰਾਸ਼ਟਰ ‘ਚ ਐਨਸੀਪੀ ਇਨ੍ਹੀਂ ਦਿਨੀਂ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਇਕ ਪਾਸੇ ਐਨਆਈਏ ਐਂਟੀਲੀਆ ਅਤੇ ਸਚਿਨ ਵਾਜੇ ਦੇ ਮਾਮਲੇ ‘ਚ ਜਾਂਚ ਕਰ ਰਹੀ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵਿਰੁੱਧ ਸਾਬਕਾ ਪੁਲਿਸ ਕਮਿਸ਼ਨਰ ਨੇ 100 ਕਰੋੜ ਰੁਪਏ ਦੀ ਵਸੂਲੀ ਦਾ ਟੀਚਾ ਦੇਣ ਵਰਗਾ ਗੰਭੀਰ ਦੋਸ਼ ਲਗਾਏ ਹਨ। ਇਸ ਦੌਰਾਨ ਵਿਰੋਧੀ ਧਿਰ ਦੇਸ਼ਮੁਖ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਇਸ ਸਿਆਸੀ ਸੰਕਟ ਵਿਚਕਾਰ ਖ਼ਬਰਾਂ ਹਨ ਕਿ ਸ਼ਰਦ ਪਵਾਰ ਨੇ ਹਾਲ ਹੀ ‘ਚ ਅਹਿਮਦਾਬਾਦ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਐਨਸੀਪੀ ਮੁਖੀ ਸ਼ਰਦ ਪਵਾਰ ਆਪਣੇ ਗਰਮ ਸੁਭਾਅ ਲਈ ਜਾਣੇ ਜਾਂਦੇ ਹਨ। ਕੁਝ ਸਾਲ ਪਹਿਲਾਂ ਮੂੰਹ ਦੇ ਕੈਂਸਰ ਨਾਲ ਜੂਝ ਰਹੇ ਪਵਾਰ ਨੂੰ ਡਾਕਟਰਾਂ ਨੇ ਇੱਥੇ ਤਕ ਕਹਿ ਦਿੱਤਾ ਸੀ ਕਿ ਉਨ੍ਹਾਂ ਕੋਲ ਸਿਰਫ਼ 6 ਮਹੀਨੇ ਦਾ ਸਮਾਂ ਬਚਿਆ ਹੈ। ਹਾਲਾਂਕਿ ਆਪਣੀ ਮਜ਼ਬੂਤ ਇੱਛਾ ਸ਼ਕਤੀ ਕਰਕੇ ਉਨ੍ਹਾਂ ਨੇ ਕੈਂਸਰ ਵਿਰੁੱਧ ਲੰਬੀ ਲੜਾਈ ਲੜੀ ਅਤੇ ਜਿੱਤ ਵੀ ਹਾਸਿਲ ਕੀਤੀ। ਪਵਾਰ ਖ਼ੁਦ ਕਹਿੰਦੇ ਹਨ ਕਿ ਉਹ ਕੈਂਸਰ ਵਿਰੁੱਧ ਲੜਾਈ ਜਿੱਤ ਸਕਦੇ ਸਨ, ਕਿਉਂਕਿ ਇਸ ਬਿਮਾਰੀ ਨਾਲ ਲੜਨ ਦੀ ਉਨ੍ਹਾਂ ਦੀ ਇੱਛਾ ਸ਼ਕਤੀ ਬਹੁਤ ਮਜ਼ਬੂਤ ਸੀ।