
ਢਾਕਾ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬੰਗਲਾਦੇਸ਼ ਦੀ ਸ਼ੀਤਲਾਖਿਆ ਨਦੀ ਵਿੱਚ 100 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਢੋਆ-ਢੁਆਈ ਵਾਲੇ (ਕਾਰਗੋ) ਜਹਾਜ਼ ਨਾਲ ਟੱਕਰ ਹੋਣ ਕਾਰਨ ਡੁੱਬ ਗਿਆ, ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਐਤਵਾਰ ਸ਼ਾਮ ਨਾਰਾਇਣਗੰਜ ਜ਼ਿਲ੍ਹੇ ਵਿੱਚ ਵਾਪਰਿਆ, ਜੋ ਰਾਜਧਾਨੀ ਢਾਕਾ ਤੋਂ ਲਗਭਗ 16 ਕਿਲੋਮੀਟਰ ਦੂਰ ਸਥਿਤ ਹੈ। ਐਤਵਾਰ ਸ਼ਾਮ ਨੂੰ 5 ਲਾਸ਼ਾਂ ਬਰਾਮਦ ਹੋਈਆਂ, ਜਦਕਿ ਸੋਮਵਾਰ ਨੂੰ ਕੁੱਲ 21 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਮੁੰਸ਼ੀਗੰਜ ਸਥਿਤ ਸ਼ੀਤਲਾਖਿਆ ਨਦੀ ਵਿੱਚ ਸਈਅਦਪੁਰ ਕੋਲਾ ਘਾਟ ਨੇੜੇ ਯਾਤਰੀ ਜਹਾਜ਼ ‘ਐਮਐਲ ਸਬੀਤ ਅਲ ਹਸਨ’ ਢੋਆ-ਢੁਆਈ ਵਾਲੇ ਜਹਾਜ਼ ‘ਐਸਕੇਐਲ-3’ ਨਾਲ ਟੱਕਰ ਹੋਣ ਬਾਅਦ ਡੁੱਬ ਗਿਆ। ਪੁਲਿਸ ਅਤੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰਗੋ ਜਹਾਜ਼ ਉੱਥੋਂ ਫਰਾਰ ਹੋ ਗਿਆ। ਨਾਰਾਇਣਗੰਜ ਦੇ ਪੁਲਿਸ ਕਮਿਸ਼ਨਰ ਮੁਤਸੈਨ ਬਿਲਾ ਨੇ ਦੱਸਿਆ ਕਿ ਘਟਨਾਂ ਦੀ ਜਾਂਚ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਦੀ ਪ੍ਰਧਾਨਗੀ ’ਚ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਦੇ ਸਸਕਾਰ ਲਈ 25-25 ਹਜ਼ਾਰ ਟਕਾ ਮੁਆਵਜ਼ੇ ਦੇ ਰੂਪ ਵਿੱਚ ਦੇਵੇਗਾ।
ਤੱਟੀ ਪੁਲਿਸ ਇੰਚਾਰਜ ਦੀਪਕ ਚੰਦਰ ਸਾਹਾ ਨੇ ਪੁਸ਼ਟੀ ਕੀਤੀ ਕਿ 50-60 ਲੋਕ ਤੈਰ ਕੇ ਨਦੀ ਦੇ ਕੰਢੇ ’ਤੇ ਪਹੁੰਚ ਗਏ, ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨਾਰਾਇਣਗੰਜ ਜ਼ਿਲ੍ਹੇ ਦੇ ਫਾਇਰ ਬ੍ਰਿਗੇਡ ਸੇਵਾ ਅਧਿਕਾਰੀ ਅਬਦੁੱਲਾ ਅਲ ਅਰੇਫਿਨ ਨੇ ਦੱਸਿਆ ਕਿ ਹਨੇਰੀ ਕਾਰਨ ਉਨ੍ਹਾਂ ਨੂੰ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਵਿੱਚ ਦੇਰੀ ਹੋਈ।