Home ਅਮਰੀਕਾ ਤਸਕਰਾਂ ਨੇ ਬਾਰਡਰ ਪਾਰ ਕਰਵਾਉਣ ਲਈ 5 ਤੇ 3 ਸਾਲ ਦੀਆਂ ਬੱਚੀਆਂ ਨੂੰ 14 ਫੁੱਟ ਉੱਚੀ ਕੰਧ ਤੋਂ ਸੁੱਟਿਆ

ਤਸਕਰਾਂ ਨੇ ਬਾਰਡਰ ਪਾਰ ਕਰਵਾਉਣ ਲਈ 5 ਤੇ 3 ਸਾਲ ਦੀਆਂ ਬੱਚੀਆਂ ਨੂੰ 14 ਫੁੱਟ ਉੱਚੀ ਕੰਧ ਤੋਂ ਸੁੱਟਿਆ

0
ਤਸਕਰਾਂ ਨੇ ਬਾਰਡਰ ਪਾਰ ਕਰਵਾਉਣ ਲਈ 5 ਤੇ 3 ਸਾਲ ਦੀਆਂ ਬੱਚੀਆਂ ਨੂੰ 14 ਫੁੱਟ ਉੱਚੀ ਕੰਧ ਤੋਂ ਸੁੱਟਿਆ

ਨਿਊ ਮੈਕਸੀਕੋ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਨੇ ਦਿਲ ਦਹਿਲਾਉਣ ਵਾਲੀ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ‘ਚ ਮਨੁੱਖੀ ਤਸਕਰਾਂ ਨੇ ਅਮਰੀਕੀ ਬਾਰਡਰ ਅੰਦਰ ਦਾਖ਼ਲ ਹੋਣ ਲਈ 5 ਤੇ 3 ਸਾਲ ਦੀਆਂ ਦੋ ਬੱਚੀਆਂ ਨੂੰ 14 ਫੁੱਟ ਉੱਚੀ ਕੰਧ ਤੋਂ ਸੁੱਟ ਦਿੱਤਾ। ਦੋਵਾਂ ਬੱਚੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਸੀਬੀਪੀ ਨੇ ਇਸ ਘਟਨਾ ਨੂੰ ਕਾਫ਼ੀ ਭਿਆਨਕ ਦੱਸਿਆ ਹੈ।
ਐਲ ਪਾਸੋ ਸੈਕਟਰ ਦੇ ਮੁੱਖ ਪੈਟਰੋਲਿੰਗ ਏਜੰਟ ਗਲੋਰੀਆ ਸ਼ਾਵੇਜ਼ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇਕ ਤਸਕਰ ਨੇ ਦੋ ਬੱਚਿਆਂ ਨੂੰ ਲਗਭਗ 14 ਫੁੱਟ ਉੱਚੀ ਬਾਰਡਰ ਦੀ ਕੰਧ ਤੋਂ ਹੇਠਾਂ ਸੁੱਟ ਦਿੱਤਾ। ਬੱਚਿਆਂ ਨੂੰ ਡਾਕਟਰੀ ਜਾਂਚ ਲਈ ਪਹਿਲਾਂ ਨਿਊ ਮੈਕਸੀਕੋ ਦੇ ਸਾਂਤਾ ਟੈਰੇਸਾ ‘ਚ ਸੀਬੀਪੀ ਸਟੇਸ਼ਨ ਲਿਜਾਇਆ ਗਿਆ ਹੈ ਅਤੇ ਬਾਅਦ ‘ਚ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਫਿਲਹਾਲ ਦੋਵੇਂ ਬੱਚੀਆਂ ਏਜੰਸੀ ਦੀ ਹਿਰਾਸਤ ‘ਚ ਹਨ।
ਗਲੋਰੀਆ ਸ਼ਾਵੇਜ਼ ਨੇ ਕਿਹਾ, “ਜਿਸ ਤਰ੍ਹਾਂ ਤਸਕਰਾਂ ਨੇ 14 ਫੁੱਟ ਉੱਚੀ ਕੰਧ ਤੋਂ ਇਨ੍ਹਾਂ ਮਾਸੂਮ ਬੱਚੀਆਂ ਨੂੰ ਸੁੱਟਿਆ, ਉਸ ਨੂੰ ਵੇਖ ਕੇ ਮੈਂ ਕਾਫ਼ੀ ਹੈਰਾਨ ਹਾਂ। ਤਸਕਰਾਂ ਦੀ ਭਾਲ ਲਈ ਅਸੀਂ ਮੈਕਸੀਕਨ ਅਧਿਕਾਰੀਆਂ ਦੀ ਮਦਦ ਲੈ ਰਹੇ ਹਾਂ। ਜੇ ਮੋਬਾਈਲ ਟੈਕਨਾਲੋਜੀ ਦੀ ਵਰਤੋਂ ਕਰਕੇ ਸਾਡੇ ਏਜੰਟ ਚੌਕਸੀ ਨਾ ਵਰਤਦੇ ਤਾਂ ਇਨ੍ਹਾਂ ਦੋਵੇਂ ਬੱਚੀਆਂ ਨੂੰ ਰੇਗਿਸਤਾਨ ਦੇ ਮੁਸ਼ਕਲ ਹਾਲਾਤ ਨਾਲ ਜੂਝਣਾ ਪੈ ਸਕਦਾ ਸੀ।”
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਦੇਸ਼ ਦੀ ਦੱਖਣੀ ਸਰਹੱਦ ਤੋਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ‘ਚ ਜ਼ਿਆਦਾਤਰ ਮੱਧ ਅਮਰੀਕਾ ਤੋਂ ਆਉਣ ਵਾਲੇ ਅਜਿਹੇ ਲੋਕ ਹਨ, ਜੋ ਆਪਣੇ ਦੇਸ਼ ‘ਚ ਗਰੀਬੀ ਤੇ ਹਿੰਸਾ ਕਾਰਨ ਪ੍ਰੇਸ਼ਾਨ ਹਨ। ਇਕ ਜਾਣਕਾਰੀ ਮੁਤਾਬਕ ਹਾਲ ਹੀ ‘ਚ ਰੋਜ਼ਾਨਾ ਔਸਤਨ 500 ਬੱਚੇ ਸਰਹੱਦ ਪਾਰ ਕਰ ਰਹੇ ਹਨ।
ਨਾਜ਼ਾਇਜ ਤੌਰ ‘ਤੇ ਅਮਰੀਕਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਬਿਡੇਨ ਪ੍ਰਸ਼ਾਸਨ ਭਾਰੀ ਦਬਾਅ ਹੇਠ ਹੈ। ਕੁਝ ਮਾਮਲਿਆਂ ‘ਚ ਮਾਪਿਆਂ ਨੇ ਖੁਦ ਅਮਰੀਕਾ ‘ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੇ ਬੱਚਿਆਂ ਨੂੰ ਇਕੱਲੇ ਸਰਹੱਦ ਪਾਰ ਭੇਜ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿਣਗੇ।
ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਇਸ ਸਮੇਂ ਸੰਯੁਕਤ ਰਾਜ ਅਮਰੀਕਾ ‘ਚ 12,918 ਪ੍ਰਵਾਸੀ ਬੱਚੇ ਹਨ, ਜਦਕਿ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦਫ਼ਤਰ 5285 ਹੋਰਾਂ ਬੱਚਿਆਂ ਦੀ ਦੇਖਭਾਲ ਕਰ ਰਿਹਾ ਹੈ।