ਤਾਮਿਲਨਾਡੂ ‘ਚ ਵੋਟ ਮੰਗਣ ਗਏ ਉਮੀਰਦਵਾਰ ਨੇ ਧੋਤੇ ਕੱਪੜੇ

ਚੇਨਈ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਚੋਣਾਂ ਸਮੇਂ ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰ ਕੀ-ਕੀ ਨਹੀਂ ਕਰਦੇ। ਜਿਸ ਸਮੇਂ ਉਹ ਚੋਣ ਪ੍ਰਚਾਰ ਲਈ ਵੋਟਰਾਂ ਕੋਲ ਜਾਂਦੇ ਹਨ ਤਾਂ ਉਦੋਂ ਉਨ੍ਹਾਂ ਪ੍ਰਤੀ ਆਪਣਾ ਪਿਆਰ ਤੇ ਹਮਦਰਦੀ ਵਿਖਾਉਣ ਲਈ ਕਈ ਹੱਥਕੰਡੇ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਦੀ ਘਟਨਾ ਤਾਮਿਲਨਾਡੂ ‘ਚ ਸਾਹਮਣੇ ਆਈ ਹੈ, ਜਿੱਥੇ ਇਕ ਉਮੀਦਵਾਰ ਵੋਟ ਮੰਗਣ ਸਮੇਂ ਉੱਥੇ ਮੌਜੂਦ ਸ਼ਖ਼ਸ ਦੇ ਕੱਪੜੇ ਧੋਣ ਲੱਗਿਆ। ਨਾਲ ਹੀ ਉਸ ਨੇ ਇਹ ਵਾਅਦਾ ਵੀ ਕੀਤਾ ਕਿ ਜੇ ਉਹ ਚੋਣ ਜਿੱਤ ਗਿਆ ਤਾਂ ਉਹ ਉਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਦੇਵੇਗਾ।
ਜਾਣਕਾਰੀ ਮੁਤਾਬਕ ਆਲ ਇੰਡੀਆ ਅੰਨਾ ਦ੍ਰਮੁਕ ਮੁਨੇਤਰ ਕਡਗਮ (ਏਆਈਏਡੀਐਮਕੇ) ਦੇ ਉਮੀਦਵਾਰ ਥੰਗਾ ਕਥੀਰਾਵਨ ਵੋਟਾਂ ਮੰਗਣ ਲਈ ਨਿਕਲ ਸਨ। ਉੁਨ੍ਹਾਂ ਨੂੰ ਕੁਝ ਲੋਕ ਉੱਥੇ ਕੱਪੜੇ ਧੋਂਦੇ ਨਜ਼ਰ ਆਏ। ਥੰਗਾ ਨੇ ਉਨ੍ਹਾਂ ਤੋਂ ਕੱਪੜੇ ਲੈ ਲਏ ਅਤੇ ਖੁਦ ਧੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨਾਲ ਕਈ ਹੋਰ ਆਗੂ ਵੀ ਮੌਜੂਦ ਸਨ। ਇਸ ਸਬੰਧੀ ਨਿਊਜ਼ ਏਜੰਸੀ ਏਐਨਆਈ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵੀਡੀਓ ‘ਚ ਥੰਗਾ ਕਥੀਰਾਵਨ ਟੂਟੀ ਨੇੜੇ ਕੱਪੜੇ ਧੋਂਦੇ ਨਜ਼ਰ ਆ ਰਹੇ ਹਨ। ਥੰਗਾ ਤਾਮਿਲਨਾਡੂ ਦੇ ਨਾਗਾਪੱਟੀਨਾਮ ਤੋਂ ਏਆਈਏਡੀਐਮਕੇ ਦੇ ਉਮੀਦਵਾਰ ਹਨ।
ਦੱਸ ਦਈਏ ਕਿ ਪੱਛਮੀ ਬੰਗਾਲ, ਪੁੱਡੂਚੇਰੀ, ਤਾਮਿਲਨਾਡੂ ਸਮੇਤ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਤਾਮਿਲਨਾਡੂ ਦੀਆਂ ਸਾਰੀਆਂ 234 ਸੀਟਾਂ ‘ਤੇ ਇਕ ਗੇੜ ‘ਚ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਚੋਣ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਪੁੱਡੂਚੇਰੀ ਨੂੰ ਵੀ ਵੋਟ ਪਾਉਣ ਲਈ 1 ਘੰਟਾ ਹੋਰ ਮਿਲੇਗਾ।
ਤਾਮਿਲਨਾਡੂ ‘ਚ ਏਆਈਏਡੀਐਮਕੇ ਤੇ ਭਾਜਪਾ ਗਠਜੋੜ ਦਾ ਮੁਕਾਬਲਕ ਦ੍ਰਾਵਿੜ ਮੁਨੇਤਰਾ ਕਡਗਮ (ਡੀਐਮਕੇ) ਤੇ ਕਾਂਗਰਸ ਨਾਲ ਹੈ। ਏਆਈਡੀਐਮਕੇ ਨੇ ਸਾਲ 2016 ਦੀਆਂ ਚੋਣਾਂ ‘ਚ 134 ਸੀਟਾਂ ਜਿੱਤੀਆਂ ਸਨ, ਜਦਕਿ ਡੀਐਮਕੇ ਨੇ 89 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 8 ਸੀਟਾਂ ਮਿਲੀਆਂ ਸਨ।

Video Ad
Video Ad