
ਕਾਬੁਲ, 12 ਅਗਸਤ, ਹ.ਬ. : ਕਾਬੁਲ ’ਚ ਇਕ ਮਦਰੱਸੇ ’ਤੇ ਹੋਏ ਆਤਮਘਾਤੀ ਹਮਲੇ ’ਚ ਚੋਟੀ ਦਾ ਤਾਲਿਬਾਨ ਕਮਾਂਡਰ ਰਹੀਮਉੱਲ੍ਹਾ ਹੱਕਾਨੀ ਮਾਰਿਆ ਗਿਆ ਹੈ। ਰਹੀਮਉੱਲਾ ਤਾਲਿਬਾਨ ਦੀ ਅੱਤਵਾਦੀ ਵਿਚਾਰਧਾਰਾ ਦਾ ਕੱਟੜ ਸਮਰਥਕ ਹੋਣ ਦੇ ਨਾਲ-ਨਾਲ ਇਸਲਾਮਿਕ ਵਿਦਵਾਨ ਵੀ ਸੀ। ਅਜੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਤਾਲਿਬਾਨ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਰੈਜ਼ਿਸਟੈਂਸ ਫੋਰਸ ਜਾਂ ਇਸਲਾਮਿਕ ਸਟੇਟ ਦਾ ਹੱਥ ਹੋ ਸਕਦਾ ਹੈ। ਤਾਲਿਬਾਨ ਦੀ ਸਪੈਸ਼ਲ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਹੀਮਉੱਲ੍ਹਾ ਹੱਕਾਨੀ ਨੂੰ ਅਫਗਾਨਿਸਤਾਨ ਦੇ ਮੌਜੂਦਾ ਗ੍ਰਹਿ ਮੰਤਰੀ ਅਤੇ ਹੱਕਾਨੀ ਨੈੱਟਵਰਕ ਦੇ ਨੇਤਾ ਸਿਰਾਜੁਦੀਨ ਹੱਕਾਨੀ ਦਾ ਵਿਚਾਰਧਾਰਕ ਸਲਾਹਕਾਰ ਮੰਨਿਆ ਜਾਂਦਾ ਹੈ। ਰਹੀਮਉੱਲ੍ਹਾ ਨੂੰ ਸੋਸ਼ਲ ਮੀਡੀਆ ’ਤੇ ਤਾਲਿਬਾਨ ਦਾ ਚਿਹਰਾ ਵੀ ਮੰਨਿਆ ਜਾਂਦਾ ਸੀ। ਇਸ ਅੱਤਵਾਦੀ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲੱਖਾਂ ਫਾਲੋਅਰਜ਼ ਹਨ।