ਤਿਹਾੜ ਜੇਲ੍ਹ ’ਚੋਂ ਪੈਰੋਲ ’ਤੇ ਛੱਡੇ ਗਏ 2 ਹਜ਼ਾਰ ਕੈਦੀ ਨਹੀਂ ਆਏ ਵਾਪਸ

ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਐਮਰਜੰਸੀ ਪੈਰੋਲ ’ਤੇ ਛੱਡੇ ਗਏ ਕੈਦੀਆਂ ਵਿੱਚੋਂ 2 ਹਜ਼ਾਰ ਤੋਂ ਵੱਧ ਕੈਦੀ ਜੇਲ੍ਹ ਵਾਪਸ ਨਹੀਂ ਆਏ। ਇਹ ਫਰਾਰ ਹੋ ਗਏ ਜਾਂ ਕੀ ਹੋਇਆ? ਇਸ ਦੀ ਤਹਿਕੀਕਾਤ ਕਰਵਾਉਣ ਲਈ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ’ਚ ਵਾਪਸ ਨਾ ਆਉਣ ਵਾਲੇ ਇਨ੍ਹਾਂ ਸਾਰੇ ਕੈਦੀਆਂ ਦਾ ਵੇਰਵਾ ਦਿੱਲੀ ਪੁਲਿਸ ਨੂੰ ਸੌਂਪਿਆ ਗਿਆ ਹੈ। ਇਨ੍ਹਾਂ ਦੀ ਜਾਣਕਾਰੀ ਦਿੱਲੀ ਪੁਲਿਸ ਹੈਡਕੁਆਰਟਰ ਨੂੰ ਭੇਜ ਦਿੱਤੀ ਗਈ ਹੈ। ਜਿੱਥੋਂ ਇਨ੍ਹਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਹੋਣ ਬਾਅਦ ਲੱਭਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਮੰÇਂਨਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਪੁਲਿਸ ਲਈ ਭਗੌੜੇ ਕੈਦੀਆਂ ਨੂੰ ਲੱਭਣ ਦਾ ਕੰਮ ਵੀ ਵੱਡਾ ਹੋਣ ਜਾ ਰਿਹਾ ਹੈ।
ਤਿਹਾੜ ਜੇਲ੍ਹ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਬਾਅਦ ਸਬੰਧਤ ਕੋਰਟ ਤੋਂ ਜੇਲ੍ਹ ਵਿੱਚ ਬੰਦ 18 ਹਜ਼ਾਰ ਤੋਂ ਵੱਧ ਕੈਦੀਆਂ ਵਿੱਚੋਂ ਲਗਭਗ 7 ਹਜ਼ਾਰ ਕੈਦੀਆਂ ਨੂੰ ਐਮਰਜੰਸੀ ਪੈਰੋਲ ਅਤੇ ਜ਼ਮਾਨਤ ’ਤੇ ਛੱਡਿਆ ਗਿਆ ਸੀ ਤਾਂ ਜੋ ਜੇਲ੍ਹ ਵਿੱਚ ਜੇਕਰ ਕੋਰੋਨਾ ਫੈਲ ਜਾਏ ਤਾਂ ਹਾਲਾਤ ਗੰਭੀਰ ਨਾ ਹੋਣ ਅਤੇ ਕੈਦੀਆਂ ਨੂੰ ਕੋਰੋਨਾ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਹੁਣ ਜਦਕਿ ਸਬੰਧਤ ਅਦਾਲਤਾਂ ਵੱਲੋਂ ਇਨ੍ਹਾਂ ਸਾਰੇ ਕੈਦੀਆਂ ਦੀ ਐਮਰਜੰਸੀ ਪੈਰੋਲ-ਬੇਲ ਅੱਗੇ ਨਾ ਵਧਾਉਣ ਦਾ ਫ਼ੈਸਲਾ ਲੈਂਦੇ ਹੋਏ ਇਨ੍ਹਾਂ ਨੂੰ ਆਪਣੀ-ਆਪਣੀ ਤਰੀਕ ਦੇ ਹਿਸਾਬ ਨਾਲ ਜੇਲ੍ਹ ਵਿੱਚ ਆਤਮਸਮਰਪਣ ਕਰਨ ਲਈ ਕਿਹਾ ਗਿਆ। ਇਸ ’ਤੇ ਬਹੁਤ ਸਾਰੇ ਕੈਦੀ ਤਾਂ ਵਾਪਸ ਜੇਲ੍ਹ ਆ ਗਏ ਹਨ, ਪਰ 2 ਹਜ਼ਾਰ ਤੋਂ ਵੱਧ ਕੈਦੀ ਅਜਿਹੇ ਹਨ, ਜਿਹੜੇ ਹੁਣ ਤੱਕ ਵਾਪਸ ਨਹੀਂ ਪਰਤ ਰਹੇ।
ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਦੀਆਂ ਦੀ ਕੁਝ ਸਮਾਂ ਹੋਰ ਉਡੀਕ ਕਰਨ ਮਗਰੋਂ ਸਬੰਧਤ ਕੋਰਟ ਤੋਂ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇਗੀ।
ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੈਦੀ ਕੋਲ ਆਤਮਸਮਰਪਣ ਕਰਨ ਦਾ ਸੁਨੇਹਾ ਨਹੀਂ ਪਹੁੰਚਿਆ ਹੈ ਤਾਂ ਉਸ ਨੂੰ ਇਹ ਬਾਖ਼ੂਬੀ ਪਤਾ ਹੈ ਕਿ ਉਸ ਦੀ ਜ਼ਮਾਨਤ ਦਾ ਸਮਾਂ ਖ਼ਤਮ ਹੋ ਚੁੱਕਾ ਹੈ। ਅਜਿਹੇ ਵਿੱਚ ਜੇਲ੍ਹ ਵਿੱਚ ਵਾਪਸ ਨਾ ਆਉਣ ਵਾਲੇ ਸਾਰੇ ਕੈਦੀਆਂ ਨੂੰ ਇਸ ਸਬੰਧ ਵਿੱਚ ਜੇਲ੍ਹ ਨੂੰ ਸੂਚਿਤ ਕਰਨਾ ਚਾਹੀਦਾ ਹੈ, ਪਰ ਉਹ ਅਜਿਹਾ ਨਹੀਂ ਕਰ ਰਹੇ ਹਨ। ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Video Ad
Video Ad