Home ਤਾਜ਼ਾ ਖਬਰਾਂ ਤਿਹਾੜ ਜੇਲ੍ਹ ਵਿਚ ਲਾਰੈਂਸ ਦੇ ਸਾਥੀ ਪ੍ਰਿੰਸ ਤੇਵਤੀਆ ਦੀ ਹੱਤਿਆ

ਤਿਹਾੜ ਜੇਲ੍ਹ ਵਿਚ ਲਾਰੈਂਸ ਦੇ ਸਾਥੀ ਪ੍ਰਿੰਸ ਤੇਵਤੀਆ ਦੀ ਹੱਤਿਆ

0

ਗੈਂਗਵਾਰ ’ਚ ਛੂਰਾ ਮਾਰ ਕੇ ਕੀਤੀ ਹੱਤਿਆ
ਨਵੀਂ ਦਿੱਲੀ, 15 ਅਪ੍ਰੈਲ, ਹ.ਬ. : ਖੂੰਖਾਰ ਗੈਂਗਸਟਰ ਲਾਰੈਂਸ ਗੈਂਗ ਨਾਲ ਜੁੜੇ ਬਦਮਾਸ਼ ਪ੍ਰਿੰਸ ਤੇਵਤੀਆ ਦੀ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ। 2010 ਤੋਂ ਉਹ ਲਗਾਤਾਰ ਅਪਰਾਧਿਕ ਵਾਰਦਾਤਾਂ ਕਰ ਰਿਹਾ ਸੀ। ਉਸ ਖ਼ਿਲਾਫ਼ ਥਾਣਿਆਂ ਵਿੱਚ ਕਤਲ, ਲੁੱਟ-ਖੋਹ, ਅਸਲਾ ਐਕਟ ਅਤੇ ਹੋਰ ਧਾਰਾਵਾਂ ਦੇ 16 ਕੇਸ ਦਰਜ ਸਨ। ਤੇਵਤੀਆ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਸੀ।

ਤਿਹਾੜ ਦੀ ਜੇਲ੍ਹ ਨੰਬਰ 3 ’ਚ ਸ਼ੁੱਕਰਵਾਰ ਸ਼ਾਮ ਕਰੀਬ 5.10 ਵਜੇ ਹੋਈ ਗੈਂਗ ਵਾਰ ’ਚ ਤੇਵਤੀਆ ਨੂੰ ਕੁਝ ਬਦਮਾਸ਼ਾਂ ਨੇ ਕਈ ਵਾਰ ਚਾਕੂ ਮਾਰਿਆ। ਗੰਭੀਰ ਰੂਪ ’ਚ ਜ਼ਖਮੀ ਹੋਏ ਤੇਵਤੀਆ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਗੈਂਗਵਾਰ ਵਿੱਚ ਤਿੰਨ ਹੋਰ ਕੈਦੀ ਵੀ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਤੇਵਤੀਆ ਨੇ ਪਹਿਲਾਂ ਅਬਦੁਰ ਰਹਿਮਾਨ ਨਾਂ ਦੇ ਕੈਦੀ ’ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਰਹਿਮਾਨ ਅਤੇ ਤੇਵਤੀਆ ਦੇ ਸਾਥੀਆਂ ਵਿਚਾਲੇ ਝੜਪ ਹੋ ਗਈ।

2008 ’ਚ ਤੇਵਤੀਆ ਖਿਲਾਫ ਧੋਖਾਧੜੀ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਅਪਰਾਧ ਜਗਤ ਦਾ ਚਿਹਰਾ ਬਣਨ ਦਾ ਫੈਸਲਾ ਕੀਤਾ। ਦਰਅਸਲ, ਪ੍ਰਿੰਸ ਤੇਵਤੀਆ ਦੇ ਪਿਤਾ ਨੂੰ ਕਿਸੇ ਲੜਕੇ ਨੇ ਥੱਪੜ ਮਾਰਿਆ ਸੀ। ਇਸ ਤੋਂ ਬਾਅਦ ਪ੍ਰਿੰਸ ਨੇ ਲੜਕੇ ਦਾ ਕਤਲ ਕਰ ਦਿੱਤਾ। 2010 ਵਿੱਚ ਦਿੱਲੀ ਦੇ ਅੰਬੇਡਕਰ ਨਗਰ ਇਲਾਕੇ ਵਿੱਚ ਇਸ ਕਤਲ ਕੇਸ ਵਿੱਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।

ਆਪਣੀ ਗ੍ਰਿਫਤਾਰੀ ਤੋਂ ਬਾਅਦ, ਪ੍ਰਿੰਸ ਨੇ ਆਪਣੇ ਆਪ ਨੂੰ ਨਾਬਾਲਗ ਸਾਬਤ ਕਰਨ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਅਦਾਲਤ ਦੇ ਹੁਕਮਾਂ ’ਤੇ ਸਾਕੇਤ ਥਾਣੇ ’ਚ ਜਾਅਲਸਾਜ਼ੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।