
ਅੰਕਾਰਾ, 14 ਫ਼ਰਵਰੀ, ਹ.ਬ. : ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਨੇ ਖ਼ਤਰਨਾਕ ਤਬਾਹੀ ਮਚਾਈ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਹੁਣ ਤੱਕ 36 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਨੇ ਕਿਹਾ ਕਿ ਪੂਰੀ ਦੁਨੀਆ ਤ੍ਰਾਸਦੀ ਨਾਲ ਪ੍ਰਭਾਵਿਤ ਉਤਰ-ਪੱਛਮੀ ਸੀਰੀਆ ਦੇ ਲੋਕਾਂ ਦੀ ਮਦਦ ਕਰਨ ਵਿੱਚ ਅਸਫਲ ਰਹੀ ਹੈ। ਇਹ ਇਲਾਕਾ ਬਾਗੀਆਂ ਦੇ ਕਬਜ਼ੇ ਵਿਚ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਸੀਰੀਆ ਵਿੱਚ 5.3 ਮਿਲੀਅਨ ਲੋਕ ਬੇਘਰ ਹੋ ਸਕਦੇ ਹਨ। ਦੋਵਾਂ ਦੇਸ਼ਾਂ ਦੇ ਨੌਂ ਲੱਖ ਲੋਕਾਂ ਨੂੰ ਤੁਰੰਤ ਗਰਮ ਭੋਜਨ ਦੀ ਜ਼ਰੂਰਤ ਹੈ। ਤੁਰਕੀ ਦੇ ਇੱਕ ਵਪਾਰਕ ਸਮੂਹ ਦੇ ਅਨੁਸਾਰ, ਇਸ ਦੁਖਾਂਤ ਨਾਲ ਦੇਸ਼ ਨੂੰ 84 ਬਿਲੀਅਨ ਡਾਲਰ ਯਾਨੀ 6946 ਅਰਬ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਸ ਵਿੱਚੋਂ 70.8 ਬਿਲੀਅਨ ਡਾਲਰ ਇਮਾਰਤਾਂ ਦੀ ਮੁਰੰਮਤ ’ਤੇ ਖਰਚ ਕੀਤੇ ਜਾਣਗੇ। ਸਰਕਾਰ ਨੂੰ 10.4 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ। ਦੇਸ਼ ਭਰ ਵਿੱਚ ਕੰਮ ਠੱਪ ਹੋਣ ਨਾਲ 2.9 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ। ਕਈ ਦੇਸ਼ ਸੀਰੀਆ ਸਰਹੱਦ ’ਤੇ ਬਚਾਅ ਕਾਰਜ ਛੱਡ ਕੇ ਵਾਪਸ ਪਰਤ ਰਹੇ ਹਨ।