ਤੁਸੀਂ ਕੱਪੜਿਆਂ ਨਾਲ ਫ਼ੈਸਲਾ ਲਓਗੇ ਕਿ ਕੌਣ ਸੰਸਕਾਰੀ ਹੈ ਤੇ ਕੌਣ ਨਹੀਂ : ਜਯਾ ਬੱਚਨ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਔਰਤਾਂ ਦੇ ਕੱਪੜਿਆਂ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਹੈ, ਉਸ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਬਿਆਨ ‘ਤੇ ਜਿੱਥੇ ਬਹਿਸ ਛਿੜ ਗਈ ਹੈ, ਉੱਥੇ ਹੀ ਸਿਆਸੀ ਬਿਆਨਬਾਜ਼ੀਆਂ ਦੇ ਵੀ ਢੇਰ ਲੱਗ ਗਏ ਹਨ। ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰ ਜਯਾ ਬਚਨ ਨੇ ਵੀ ਤੀਰਥ ਸਿੰਘ ਰਾਵਤ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਜਯਾ ਬੱਚਨ ਨੇ ਕਿਹਾ, “ਇਸ ਤਰ੍ਹਾਂ ਦਾ ਬਿਆਨ ਇਕ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉੱਚ ਅਹੁਦਿਆਂ ਉੱਤੇ ਬੈਠੇ ਲੋਕਾਂ ਨੂੰ ਸੋਚ ਸਮਝ ਕੇ ਜਨਤਕ ਬਿਆਨ ਦੇਣਾ ਚਾਹੀਦਾ ਹੈ। ਅੱਜ ਦੇ ਜ਼ਮਾਨੇ ‘ਚ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਅਤੇ ਤੁਸੀਂ ਕੱਪੜਿਆਂ ਨਾਲ ਫ਼ੈਸਲਾ ਲਓਗੇ ਕਿ ਕੌਣ ਸੰਸਕਾਰੀ ਹੈ…ਕੌਣ ਨਹੀਂ। ਇਹ ਬਹੁਤ ਗਲਤ ਹੈ।”
ਜਯਾ ਬੱਚਨ ਤੋਂ ਪਹਿਲਾਂ ਉਨ੍ਹਾਂ ਦੀ ਦੋਹਤੀ ਨਵਯਾ ਨਵੇਲੀ ਨੰਦਾ ਨੇ ਵੀ ਟਵੀਟ ਕਰਕੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਹੈ। ਨਵਯਾ ਨੇ ਲਿਖਿਆ ਸੀ, “ਸਾਡੇ ਕੱਪੜਿਆਂ ਨੂੰ ਬਦਲਣ ਤੋਂ ਪਹਿਲਾਂ ਅਪਣੀ ਮਾਨਸਿਕਤਾ ਬਦਲੋ। ਇੱਥੇ ਸਿਰਫ਼ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ…।”
ਉਤਰਾਖੰਡ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਗੁਲ ਪਨਾਗ ਨੇ ਟਵਿਟਰ ‘ਤੇ ਅਪਣੀ ਅਤੇ ਅਪਣੀ ਬੱਚੀ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਗੁਲ ਪਨਾਗ ਨੇ ਕੈਪਸ਼ਨ ਲਿਖ ਕੇ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ। ਅਦਾਕਾਰਾ ਨੇ ਲਿਖਿਆ, “ਰਿਪਡ ਜੀਨਸ ਲੈ ਕੇ ਆਓ।”
ਇਸ ਤੋਂ ਇਲਾਵਾ ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਟਵੀਟ ਕਰਕੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਠੋਕਵਾਂ ਜਵਾਬ ਦਿੱਤਾ ਹੈ।

Video Ad
Video Ad