ਤੇਲੰਗਾਨਾ ‘ਚ ਕਬੱਡੀ ਮੈਚ ਦੌਰਾਨ ਵੱਡਾ ਹਾਦਸਾ ਵਾਪਰਿਆ, 100 ਤੋਂ ਵੱਧ ਲੋਕ ਜ਼ਖ਼ਮੀ

ਹੈਦਰਾਬਾਦ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਤੇਲੰਗਾਨਾ ਦੇ ਸੂਰੀਆਪੇਟ ਇਲਾਕੇ ‘ਚ 47ਵੀਂ ਜੂਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੌਰਾਨ ਹੋਏ ਹਾਦਸੇ ‘ਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਹੋਏ ਮੈਚ ਦੌਰਾਨ ਲੱਕੜ ਦੀਆਂ ਤਖਤੀਆਂ ਵਾਲੇ ਇਕ ਸਟੈਂਡ ਦੇ ਡਿੱਗਣ ਕਾਰਨ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ‘ਚ ਸਟੈਂਡ ਡਿੱਗਣ ਮਗਰੋਂ ਮਚੀ ਹਫੜਾ-ਦਫੜੀ ਵੇਖੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸੂਰਿਆਪੇਟ ਦੇ ਐਸਪੀ ਦਫ਼ਤਰ ਦੇ ਗਰਾਊਂਡ ‘ਚ ਵਾਪਰਿਆ, ਜਿੱਥੇ 47ਵੇਂ ਜੂਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਉਦਘਾਟਨ ਸਮਾਰੋਹ ਨੂੰ ਵੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ ਸੀ। ਵੀਡੀਓ ‘ਚ ਨਜ਼ਰ ਆਇਆ ਕਿ ਅਚਾਨਕ ਦਰਸ਼ਕਾਂ ਨਾਲ ਭਰਿਆ ਇੱਕ ਸਟੈਂਡ ਡਿੱਗ ਗਿਆ। ਇਸ ਤੋਂ ਬਾਅਦ ਚਾਰੇ ਪਾਸੇ ਲੋਕਾਂ ਦੀਆਂ ਚੀਕਾਂ ਦੀ ਆਵਾਜ਼ਾਂ ਆ ਰਹੀਆਂ ਸਨ।
ਜ਼ਖਮੀਆਂ ਨੂੰ ਹਸਪਤਾਲ ‘ਚ ਲਿਜਾਇਆ ਗਿਆ ਹੈ। ਇਸ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲਗਭਗ 1500 ਖਿਡਾਰੀ ਪਹੁੰਚੇ ਹੋਏ ਸਨ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਦੋ ਵਿਅਕਤੀ, ਜੋ ਦੌਰਾਨ ਗੰਭੀਰ ਹਨ, ਨੂੰ ਵਿਸ਼ੇਸ਼ ਇਲਾਜ ਲਈ ਹੈਦਰਾਬਾਦ ਭੇਜਿਆ ਗਿਆ ਹੈ।
ਖੇਡਾਂ ਦਾ ਆਯੋਜਨ ਤੇਲੰਗਾਨਾ ਕਬੱਡੀ ਐਸੋਸੀਏਸ਼ਨ ਨੇ ਸੂਰਿਆਪੇਟ ਜ਼ਿਲ੍ਹੇ ਦੀ ਕਬੱਡੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਸੀ। ਚੈਂਪੀਅਨਸ਼ਿਪ ਦਾ ਉਦਘਾਟਨ ਸੋਮਵਾਰ ਨੂੰ ਕੀਤਾ ਗਿਆ ਅਤੇ ਇਹ ਟੂਰਨਾਮੈਂਟ 25 ਮਾਰਚ ਖੇਡਿਆ ਜਾਣਾ ਸੀ। ਇੱਥੇ ਸਟੇਡੀਅਮ ‘ਚ ਤਿੰਨ ਸਟੈਂਡ ਬਣਾਏ ਗਏ ਸਨ। ਹਰ ਇਕ ਸਟੈਂਡ ਦੀ ਸਮਰੱਥਾ ਲਗਭਗ 5000 ਲੋਕਾਂ ਦੀ ਸੀ। ਮੈਦਾਨਾਂ ‘ਚ ਕੁਲ 15 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।

Video Ad
Video Ad