ਲੁਧਿਆਣਾ, 21 ਅਪ੍ਰੈਲ, ਹ.ਬ. : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਦਰੜ ਦਿੱਤਾ। ਇਸ ਦੌਰਾਨ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੱਚੇ ਦੀ ਪਸਲੀਆਂ ਟੁੱਟ ਗਈਆਂ ਹਨ।
ਮੋਤੀ ਨਗਰ ਪੁਲਿਸ ਨੇ ਚੰਡੀਗੜ੍ਹ ਰੋਡ ਸੈਕਟਰ 39 ਨਿਵਾਸੀ ਰਿਸ਼ੀਤ ਮਦਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੂਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਹੌਜਰੀ ਮਾਲਕ ਮੁਕੇਸ਼ ਕੁਮਾਰ ਗੋਇਲ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਸਾਢੇ 9 ਸਾਲ ਦਾ ਬੇਟਾ ਕੁਸ਼ ਗੋਹਿਲ ਗਲੀ ਵਿਚ ਖੇਡ ਰਿਹਾ ਸੀ, ਉਦੋਂ ਹੀ ਮੁਲਜ਼ਮ ਮਹਿੰਦਰਾ ਥਾਰ ਲੈ ਕੇ ਆਇਆ। ਮੁਲਜ਼ਮ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਅਤੇ ਉਸ ਨੇ ਕੁਸ਼ ਗੋਇਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੇ ਗੁਆਂਢੀ ਗੁਰਮਿੰਦਰ ਸਿੰਘ ਨੇ ਬੱਚੇ ਨੂੰ ਬਚਾਇਆ ਅਤੇ ਹਸਪਤਾਲ ਲੈ ਗਏ। ਦੱਸਿਆ ਜਾ ਰਿਹਾ ਕਿ ਥਾਰ ਚਲਾਉਣ ਵਾਲਾ ਨਾਬਾਲਗ ਹੈ। ਬੱਚੇ ਦੀ ਪਸਲੀਆਂ ਟੁੱਟਣ ਦੇ ਨਾਲ ਉਸ ਦੇ ਚਿਹਰੇ ’ਤੇ ਵੀ ਸੱਟਾਂ ਲੱਗੀਆਂ ਹਨ। ਪੀੜਤਾਂ ਨੇ ਕਿਹਾ ਕਿ ਪੁਲਿਸ ਨਾਬਾਲਗ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਘਰ ਵਾਲਿਆਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।