ਦਗਾਬਾਜ਼ ਦੁਲਹਨ : ਪਤੀ ਦੇ 45 ਲੱਖ ਰੁਪਏ ਖ਼ਰਚਾ ਕੇ ਕੈਨੇਡਾ ਪੁੱਜਦੇ ਹੀ ਪਤਨੀ ਨੇ ਤੋੜਿਆ ਰਿਸ਼ਤਾ

ਜਗਰਾਉਂ, 24 ਮਾਰਚ, ਹ.ਬ. : ਕੈਨੇਡਾ ਜਾਣ ਦਾ ਸੁਪਨਾ ਲੈ ਕੇ ਵਿਆਹ ਰਚਾਉਣ ਵਾਲੇ ਨੌਜਵਾਨ ਨੇ ਪਤਨੀ ’ਤੇ 45 ਲੱਖ ਰੁਪਏ ਖ਼ਰਚ ਕੇ ਉਸ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦਿੱਤਾ, ਪ੍ਰੰਤੂ ਉਥੇ ਪੁੱਜਦੇ ਹੀ ਪਤਨੀ ਨੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਲੜਕੀ ਨੇ ਪਤੀ ਨੂੰ ਧੋਖੇ ਵਿਚ ਰੱਖ ਕੇ ਮਾਂ ਅਤੇ ਭਰਾ ਨੂੰ ਕੈਨੇਡਾ ਬੁਲਾ ਲਿਆ।
ਇਸ ਦਾ ਪਤਾ ਚਲਦੇ ਹੀ ਪਤੀ ਨੇ ਪਤਨੀ ਸਣੇ ਸਹੁਰਿਆਂ ਦੇ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਜੋਧਾਂ ਪੁਲਿਸ ਨੇ ਪਤਨੀ, ਸੱਸ ਅਤੇ ਸਾਲੇ ’ਤੇ ਮਾਮਲਾ ਦਰਜ ਕਰ ਲਿਆ।
ਭਾਸਕਰ ਦੀ ਰਿਪੋਰਟ ਅਨੁਸਾਰ ਮੁਲਜ਼ਮਾਂ ਦੀ ਪਛਾਣ ਦਲਬੀਰ ਕੌਰ, ਸਾਲੇ ਨਰਿੰਦਰ ਸਿੰਘ ਅਤੇ ਸੱਸ ਮਨਜੀਤ ਕੌਰ ਨਿਵਾਸੀ ਪੰਜਾਬੀ ਕਲੌਨੀ ਨਜ਼ਦੀਕ ਗੁਰਦੁਆਰਾ ਉਲਹਾਸਨਗਰ ਥਾਣਾ ਮਹਾਰਾਸ਼ਟਰ ਦੇ ਰੂਪ ਵਿਚ ਹੋਈ ਹੈ।
ਥਾਣਾ ਜੋਧਾਂ ਦੇ ਏਐਸਆਈ ਹਾਕਮ ਸਿੰਘ ਨੇ ਦੱਸਿਆ ਕਿ ਬਲੋਵਾਲ ਦੇ ਮਨਪ੍ਰੀਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕੈਨੈਡਾ ਜਾਣਾ ਚਾਹੁੰਦਾ ਸੀ। ਇਸ ਨੂੰ ਲੈ ਕੇ ਉਸ ਦੇ ਰਿਸ਼ਤੇਦਾਰ ਨੇ ਦਲਬੀਰ ਕੌਰ ਦੇ ਬਾਰੇ ਵਿਚ ਦੱਸਿਆ। ਪ੍ਰੰਤੂ ਆਈਲੈਟਸ ਅਤੇ ਕੈਨੇਡਾ ਭੇਜਣ ਦਾ ਪੂਰਾ ਖ਼ਰਚਾ ਉਸ ਨੂੰ ਹੀ ਝੱਲਣਾ ਪਵੇਗਾ। ਇਸ ਤੋਂ ਬਾਅਦ ਉਹ ਵਿਆਹ ਲਈ ਰਾਜ਼ੀ ਹੋ ਗਿਆ।
ਜਦ ਲੜਕੀ ਕੋਲੋਂ ਪੁਛਿਆ ਤਾਂ ਉਹ ਵੀ ਰਾਜ਼ੀ ਹੋ ਗਈ ਅਤੇ ਸ਼ਰਤ ਰੱਖੀ ਕਿ ਕੈਨੇਡਾ ਜਾਣ ਤੋਂ ਬਾਅਦ ਉਸ ਨੂੰ ਬੁਲਾ ਲਵੇਗੀ। ਇਸ ਤੋਂ ਬਾਅਦ 2017 ਵਿਚ 31 ਮਾਰਚ ਨੂੰ ਦੋਵਾਂ ਦਾ ਵਿਆਹ ਹੋ ਗਿਆ। ਇਸ ਤੋਂ ਬਾਅਦ ਪਤਨੀ ਨੂੰ ਲੁਧਿਆਣਾ ਤੋਂ ਆਈਲੈਟਸ ਕਰਵਾ ਕੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦਿੱਤਾ। ਇਸ ’ਤੇ ਉਸ ਨੇ ਕੁਲ 45 ਲੱਖ ਰੁਪਏ ਖ਼ਰਚ ਦਿੱਤੇ। ਉੋਥੇ ਪੁੱਜਣ ਤੋਂ ਬਾਅਦ ਪਹਿਲਾਂ ਉਸ ਦੀ ਪਤਨੀ ਚੰਗੀ ਤਰ੍ਹਾਂ ਗੱਲ ਕਰ ਰਹੀ ਸੀ ਲੇਕਿਨ ਫੇਰ ਹੌਲੀ ਹੌਲੀ ਗੱਲਬਾਤ ਘੱਟ ਕਰ ਦਿੱਤੀ ਅਤੇ ਛੇ ਮਹੀਨੇ ਬਾਅਦ ਗੱਲਬਾਤ ਬੰਦ ਕਰ ਦਿੱਤੀ ਅਤੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਸਾਰੇ ਮੁਲਜ਼ਮ ਕੈਨੇਡਾ ਵਿਚ ਹਨ। ਉਨ੍ਹਾਂ ਫੜਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕੈਨੇਡਾ ਤੋਂ ਭਾਰਤ ਲਿਆਇਆ ਜਾਵੇਗਾ। ਇਸ ਤੋਂ ਬਾਅਦ ਬਣਦੀ ਕਰਵਾਈ ਕੀਤੀ ਜਾਵੇਗੀ।

Video Ad
Video Ad