ਅੰਮ੍ਰਿਤਸਰ, 30 ਮਾਰਚ, ਹ.ਬ. : ਈਸ਼ਵਰ ਨਗਰ ਵਿਚ ਦਿਓਰਾਂ ਵਲੋਂ ਕੁੱਟੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਭਾਬੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਗਗਨਪ੍ਰੀਤ ਕੌਰ ਦੇ ਰੂਪ ਵਿਚ ਹੋਈ ਹੈ। ਸੁਲਤਾਨਵਿੰਡ ਪੁਲਿਸ ਨੇ ਗਗਨਪ੍ਰੀਤ ਦੀ ਭੈਣ ਡਿੰਪਲ ਕੁਮਾਰੀ ਦੀ ਸ਼ਿਕਾਇਤ ’ਤੇ ਰਾਜਵਿੰਦਰ ਸਿੰਘ ਰਾਜੂ ਅਤੇ ਹਰਵਿੰਦਰ ਸਿੰਘ ਉਰਫ ਬੰਟੀ ਨਿਵਾਸੀ ਈਸ਼ਵਰ ਨਗਰ ਤਰਨਤਾਰਨ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਕਰਤਾ ਮੁਤਾਬਕ ਉਸ ਦੀ 29 ਸਾਲਾ ਭੈਣ ਗਗਨਪ੍ਰੀਤ ਕੌਰ ਸਾਲ 2012 ਵਿਚ ਸ਼ਮਸ਼ੇਰ ਸਿੰਘ ਦੇ ਨਾਲ ਵਿਆਹੀ ਸੀ। ਵਿਆਹ ਤੋਂ ਬਾਅਦ ਮਿਲਣ ’ਤੇ ਉਸ ਦੀ ਭੈਣ ਨੇ ਮੁਲਜ਼ਮਾਂ ਵਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਗੱਲ ਕਹੀ ਸੀ। 27 ਮਾਰਚ ਦੁਪਹਿਰ ਵੇਲੇ ਉਸ ਨੂੰ ਫੋਨ ’ਤੇ ਪਤਾ ਚਲਿਆ ਕਿ ਮੁਲਜ਼ਮ ਉਸ ਦੀ ਭੈਣ ਨਾਲ ਕੁੱਟਮਾਰ ਕਰਦੇ ਹਨ। ਇਸ ਤੋਂ ਬਾਅਦ ਸ਼ਾਮ ਚਾਰ ਵਜੇ ਜੀਜਾ ਸ਼ਮਸ਼ੇਰ ਸਿੰਘ ਦਾ ਫੋਨ ਆਇਆ ਕਿ ਗਗਨਪ੍ਰੀਤ ਕੌਰ ਨੂੰ ਕੁਝ ਹੋ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਦੋਵੇਂ ਮੁਲਜ਼ਮ ਦਿਓਰਾਂ ਨੇ ਹੀ ਉਸ ਦੀ ਭੈਣ ਨੂੰ ਖਦੁਕੁਸ਼ੀ ਕਰਨ ਦੇ ਲਈ ਮਜਬੂਰ ਕੀਤਾ। ਜਿਸ ਤੋਂ ਬਾਅਦ ਉਸ ਦੀ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਚਾਰ ਤੋਂ ਪੰਜ ਸਾਲ ਦੀ ਧੀ ਵੀ ਹੈ। ਉਸ ਦੀ ਇੱਕ ਭੈਣ ਪੰਜਾਬ ਪੁਲਿਸ ਵਿਚ ਵੀ ਹੈ। ਐਸਐਚਓ ਸੁਲਤਾਨਵਿੰਡ ਪਰਨੀਤ ਮੁਤਾਬਕ ਸ਼ਿਕਾਇਕਰਤਾ ਡਿੰਪਲ ਕੁਮਾਰੀ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਭਰਾਵਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਮੈਡੀਕਲ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਹੈ ਜਿਸ ਦੀ ਰਿਪੋਰਟ ਅਉਣੀ ਬਾਕੀ ਹੈ।

