
ਅੱਜ ਕਿਸਾਨੀ ਅੰਦੋਲਨ ਤੇ ਸਭ ਦੀਆਂ ਨਜ਼ਰਾਂ ਹਨ। ਹਰ ਵਰਗ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਹੁਣ ਤੱਕ ਇਹ ਅੰਦੋਲਨ ਬਹੁਤੀ ਸ਼ਾਂਤਮਈ ਤੇ ਅਨੁਸ਼ਾਸਿਤ ਢੰਗ ਨਾਲ ਚਲਿਆ ਹੈ। ਕਿਸਾਨਾਂ ਦੇ ਸਿਦਕ ,ਸਿਰੜ ਸਦਕਾ ਇਹ ਅੰਦੋਲਨ ਹੁਣ ਤੱਕ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਪੰਜਾਬ ਦੇ ਲੋਕਾਂ ਦੀ ਦੇਖਾ ਦੇਖੀ ਵਿੱਚ ਹੋਰ ਸੂਬਿਆਂ ਦੇ ਲੋਕ ਵਿੱਚ ਚੇਤਨਾ ਜਾਗੀ।ਫਿਰ ਉਹਨਾਂ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਡੇਰੇ ਲਗਾ ਲਏ। ਅੱਜ ਕਿਸਾਨ ਖੇਤੀ ਸਬੰਧੀ ਬਣੇ ਕਾਨੂੰਨਾਂ ਬਾਰੇ ਜਾਗਰੂਕ ਹੋ ਚੁੱਕਿਆ ਹੈ ਕਿ ਇਹ ਖੇਤੀ ਬਿੱਲ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ। ਪੰਜਾਬ ਵਿੱਚ ਜਿੰਦਗੀ ਦਾ ਮਿਜਾਜ਼ ਬਦਲ ਗਿਆ ਹੈ।ਪਿੰਡਾਂ ਵਿੱਚ ਜੋ ਧੜੇਬੰਦੀਆਂ ਬਣੀਆਂ ਹੋਈਆਂ ਸਨ ,ਇਸ ਕਿਸਾਨੀ ਅੰਦੋਲਨ ਨੇ ਸਭ ਨੂੰ ਇੱਕ ਕਰ ਦਿੱਤਾ ਹੈ। ਸਾਲਾਂ ਸਾਲਾਂ ਦੀ ਪਰਿਵਾਰ ਵਿੱਚ ਪਈ ਕੁੜੱਤਣ ਨੂੰ ਕਿਸਾਨੀ ਅੰਦੋਲਨ ਨੇ ਮਿਠਾਸ ਵਿੱਚ ਬਦਲ ਦਿੱਤਾ ਹੈ।ਅੱਜ ਹਰ ਪਿੰਡ ਦੇ ਬੱਚੇ-ਬੱਚੇ ਨੂੰ ਇਨ੍ਹਾਂ ਕਾਨੂੰਨਾਂ ਦੀ ਸਮਝ ਆ ਚੁੱਕੀ ਹੈ। ਆਪਣੇ ਹੱਕਾਂ ਦੀ ਰਾਖੀ ਲਈ ਫਿਰ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ।ਕੇਂਦਰ ਦੇ ਵਜ਼ੀਰਾਂ ਵੱਲੋਂ ਉਹੀ ਪੁਰਾਣੀ ਦਲੀਲਾਂ ਨੂੰ ਦੁਹਰਾਇਆ ਜਾ ਰਿਹਾ ਹੈ ਕਿ ਇਹ ਬਿੱਲ ਕਿਸਾਨ-ਪੱਖੀ ਹਨ।
ਇਨ੍ਹਾਂ ਕਾਰਨ ਕਿਸਾਨਾਂ ਦਾ ਭਵਿੱਖ ਸੰਵਰੇਗਾ।ਵਿਚਾਰਨ ਵਾਲੀ ਗੱਲ ਹੈ ਕਿ ਜੇ ਇਨ੍ਹਾਂ ਬਿਲਾਂ ਨਾਲ ਕਿਸਾਨਾਂ ਦਾ ਭਵਿੱਖ ਸੰਵਰੇਗਾ ਤਾਂ ਅੱਜ ਦੇਸ਼ ਦਾ ਅੰਨ ਦਾਤਾ ਸੰਘਰਸ਼ ਦੀ ਰਾਹ ਕਿਉ ਪੈਂਦਾ?ਸਰਕਾਰਾਂ ਨੂੰ ਇਤਿਹਾਸ ਵੱਲ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਜਦੋਂ 1960 ਵਿੱਚ ਦੇਸ਼ ਨੂੰ ਅਨਾਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਸਾਨੂੰ ਵਿਦੇਸ਼ਾਂ ਦੇ ਮੂਹਰੇ ਹੱਥ ਫਲਾਉਣੇ ਪੈਂਦੇ ਸਨ। ਉਹ ਸਾਡੇ ਮੂਹਰੇ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਦਿੰਦੇ ਸਨ।ਫਿਰ ਸਾਡੇ ਪੰਜਾਬ ਹਰਿਆਣਾ ਦੇ ਕਿਸਾਨ ਵੀਰਾਂ ਨੇ ਆਪਣੀ ਮਿਹਨਤ ਸਦਕਾ ਵਧੀਆ ਖਾਦਾਂ ,ਬੀਜ਼ਾਂ ਕਰਕੇ ਕਣਕ ਤੇ ਝੋਨੇ ਦੀ ਰਿਕਾਰਡ ਤੋੜ ਪੈਦਾਵਾਰ ਕੀਤੀ। ਜਿਸ ਕਾਰਨ ਭਾਰਤ ਆਤਮ ਨਿਰਭਰ ਬਣਿਆ। ਇਹ ਕਿਸਾਨਾਂ ਦੀ ਮਿਹਨਤ ਸਦਕਾ ਹੀ ਸੀ ਜਿਸ ਕਾਰਨ ਭਾਰਤ ਨੂੰ ਇਹ ਖਿਤਾਬ ਮਿਲਿਆ। ਉੱਧਰ ਰਾਜ ਸਭਾ ਵਿਚ ਪ੍ਰਧਾਨਮੰਤਰੀ ਵੱਲੋਂ ਕਿਸਾਨਾਂ ਲਈ ਵਰਤੇ ਸ਼ਬਦ ਅੰਦੋਲਨਜੀਵੀ ਨੇ ਕਿਸਾਨਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ। ਮੋਦੀ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਭਲੇ ਲਈ ਹਨ ।ਇਨ੍ਹਾਂ ਵਿੱਚ ਕੋਈ ਖਾਮੀ ਨਹੀਂ ਹੈ।ਮੋਦੀ ਨੇ ਆਪਣੇ ਭਾਸ਼ਣ ਵਿਚ ਨਿੱਜੀ ਕੰਪਨੀਆਂ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਗੱਲ ਤਾਂ ਆਖੀ, ਪਰ ਜੋ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਤਕਰੀਬਨ 4 ਮਹੀਨੇ ਤੋਂ ਬੈਠੇ ਹਨ ਉਹਨਾਂ ਬਾਰੇ ਬਿਲਕੁਲ ਵੀ ਜ਼ਿਕਰ ਨਹੀਂ ਕੀਤਾ। 300 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਹਾਦਤ ਵੀ ਦਿੱਤੀ ਹੈ। ਮੋਦੀ ਨੇ ਇਕ ਵਾਰ ਵੀ ਕਿਸਾਨਾਂ ਦੀ ਸ਼ਹਾਦਤ ਨੂੰ ਯਾਦ ਨਹੀਂ ਕੀਤਾ। ਓਧਰ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿਚ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।
ਸੰਜੀਵ ਸਿੰਘ ਸੈਣੀ,ਮੋਹਾਲੀ